Sikh Sadbhavana Dal : ਕਾਦੀਆਂ : ਸਿੱਖ ਸਦਭਾਵਨਾ ਦਲ ਵੱਲੋਂ ਕਾਦੀਆਂ ਵਿਖੇ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤੇ ਸ਼ਾਂਤੀਪੂਰਵਕ ਧਰਨਾ ਦਿੱਤਾ ਗਿਆ। ਸਦਭਾਵਨਾ ਦਲ ਵੱਲੋਂ ਕੈਬਨਿਟ ਮੰਤਰੀ ਦੀ ਕੋਠੀ ਦੇ ਬਾਹਰ ਗੁਰਬਾਣੀ ਕੀਰਤਨ ਕੀਤਾ ਗਿਆ ਤੇ 328 ਸਰੂਪਾਂ ਦੇ ਖੁਰਦ-ਬੁਰਦ ਹੋਣ ਸਬੰਧੀ ਰੋਸ ਜ਼ਾਹਿਰ ਕੀਤਾ ਗਿਆ। ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਏ ਸਨਤੇ ਉਨ੍ਹਾਂ ਨੇ ਸਹੁੰ ਚੁੱਕੀ ਸੀ ਕਿ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੀ ਬੇਅਦਬੀ ਕਰੇਗਾ ਉਸ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਪਰ ਇਸ ਮਾਮਲੇ ‘ਚ ਕੈਪਟਨ ਸਰਕਾਰ ਅਸਫਲ ਸਾਬਤ ਹੋਈ ਹੈ।
ਧਰਨੇ ਦੌਰਾਨ ਬਾਬਾ ਫੌਜਾ ਸਿੰਘ, ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਭਾਈ ਗੁਰਬਿੰਦਰ ਸਿੰਘ, ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ, ਭਾਈ ਪਰਮਜੀਤ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਮਨਮੋਹਨ ਸਿੰਘ, ਭਾਈ ਗੁਰਪ੍ਰੀਤ ਸਿੰਘ ਤੇ ਮਾਤਾ ਕੰਵਲਦੀਪ ਕੌਰ ਆਦਿ ਮੌਜੂਦ ਸਨ। ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਨੇ ਦੱਸਿਆ ਉਨ੍ਹਾਂ ਦੇ ਧਰਨਾ ਲਗਾਉਣ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਖੁਰਦ-ਬੁਰਦ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਵੱਲੋਂ ਲਗਾਤਾਰ ਅਜਿਹੇ ਲੋਕਾਂ ਖਿਲਾਫ ਮੋਰਚੇ ਲਾਏ ਗਏ ਪਰ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ ਗਿਆ ਪਰ ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮੁੱਦੇ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇੰਝ ਲੱਗਦਾ ਹੈ ਕਿ ਕੈਪਟਨ ਸਰਕਾਰ ਗੂੜ੍ਹੀ ਨੀਂਦ ‘ਚ ਸੁੱਤੀ ਪਈ ਹੈ।
ਇਸੇ ਲਈ ਸਿੱਖ ਸਦਭਾਵਨਾ ਦਲ ਵੱਲੋਂ ਕੈਪਟਨ ਦੇ 16 ਕੈਬਨਿਟ ਮੰਤਰੀਆਂ ਦੇ ਘਰਾਂ ਦੇ ਬਾਹਰ ਸ਼ਾਂਤੀਪੂਰਵਕ ਕੀਰਤਨ ਸਮਾਗਮ ਕਰਕੇ ਘੇਰਾਓ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਂ ਦੱਸਿਆ ਕਿ ਸਭ ਤੋਂ ਪਹਿਲਾਂ ਧਰਨਾ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਦਿੱਤਾ ਗਿਆ ਤੇ ਅੱਜ ਦੂਜਾ ਘਿਰਾਓ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕੀਤਾ ਗਿਆ ਹੈ।
ਸਿੱਖ ਸਦਭਾਵਨਾ ਦਲ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦੇ ਨਾਲ-ਨਾਲ 13 ਹਜ਼ਾਰ ਪਿੰਡਾਂ ‘ਚ ਇਸ ਸੰਘਰਸ਼ ਦਾ ਹੋਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਤੇ ਉਸ ਦੇ ਮੰਤਰੀਆਂ ਨੇ ਝੂਠੀ ਸਹੁੰ ਖਾਧੀ ਤੇ ਅਸੀਂ ਪੋਥੀ ਪੜ੍ਹ ਕੇ ਕੈਪਟਨ ਨੂੰ ਉਨ੍ਹਾਂ ਦੇ ਫਰਜ਼ ਦਾ ਚੇਤਾ ਕਰਵਾ ਰਹੇ ਹਾਂ। ਮੁੱਖ ਸੇਵਾਦਾਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਨਸਾਫ ਨਹੀਂ ਦਿਵਾ ਸਕਦੀ ਤਾਂ ਕੈਪਟਨ ਨੂੰ ਚਾਹੀਦਾ ਹੈ ਕਿ ਕੁਰਸੀ ਛੱਡ ਦੇਵੇ। ਪੰਥਕ ਹੋਕੇ ਦਾ ਅੱਜ ਦੂਜਾ ਦੀਵਾਨ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ SHO ਅੰਮ੍ਰਿਤਸਰ ਨੂੰ ਵੀ ਇਸ ਸਬੰਧੀ ਸ਼ਿਕਾਇਤ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।