Sirsa made this appeal : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਵਿਚ ਇਕ 16 ਸਾਲਾ ਹਿੰਦੂ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਥੇ ਰਹਿ ਰਹੇ ਘੱਟ ਗਿਣਤੀਆਂ ’ਤੇ ਇਹ ਜ਼ੁਲਮ ਤੇ ਤਸ਼ੱਦਦ ਬੰਦ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖ ਤੇ ਹੋਰ ਘੱਟ ਗਿਣਤੀਆਂ ਦੀ ਰਾਖੀ ਯਕੀਨੀ ਬਣਾਉਣ ਲਈ ਵੀ ਕਿਹਾ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਇਕ 16 ਸਾਲਾ ਲੜਕੀ ਕਵਿਤਾ ਨੂੰ ਆਦਿਲ ਪੁੱਤਰ ਅਸਲਮ ਨੇ ਰਾਜਾ ਮੰਡੀ ਜ਼ਿਲ੍ਹਾ ਬਧੀਨ ਤੋਂ ਅਗਵਾ ਕਰ ਲਿਆ ਹੈ। ਕਵਿਤਾ ਦੇ ਪਿਤਾ ਭੋਜੋ ਕੋਹਲੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਿਰਸਾ ਨੇ ਇਸ ਬਾਰੇ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ ਲਈ ਨਰਕ ਬਣ ਕੇ ਰਹਿ ਗਿਆ ਹੈ ਜਿਥੇ ਉਨ੍ਹਾਂ ਦੀਆਂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰ ਦਿੱਤਾ ਜਾਂਦਾ ਹੈ ਫਿਰ ਜ਼ਬਰਦਸਤੀ ਉਨ੍ਹਾਂ ਨਾਲ ਨਿਕਾਹ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਦੇ ਮਾਪਿਆਂ ਦੇ ਰੌਣ-ਕੁਰਲਾਉਣ ’ਤੇ ਵੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਜਿਸ ’ਤੇ ਸਿਰਸਾ ਨੇ ਉਥੇ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਘੱਟ ਗਿਣਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਵੀ ਪਾਕਿਸਤਾਨ ਵਿਚ ਢਾਹੇ ਜਾ ਰਹੇ ਇਸ ਅਣਮਨੁੱਖੀ ਕਹਿਰ ਨੂੰ ਬੰਦ ਕਰਵਾਉਣ ਲਈ ਛੇਤੀ ਤੋਂ ਛੇਤੀ ਇਸ ਮਾਮਲੇ ਵਿਚ ਦਖਲ ਦੇਣ ਅਤੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਉਚਿਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।