Smoke coming out : ਜਲੰਧਰ ਦੀ ਦਾਦਾ ਕਾਲੋਨੀ ਵਿਖੇ ਉਸ ਸਮੇਂ ਹਫੜਾ-ਦਫਰੀ ਮਚ ਗਈ ਜਦੋਂ ਇੱਕ ਫੈਕਟਰੀ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ। ਧੂੰਏਂ ਕਾਰਨ ਮੁਹੱਲੇ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ, ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਦੋਂ ਫਾਇਰਮੈਨ ਮੌਕੇ ‘ਤੇ ਪਹੁੰਚੇ ਤਾਂ ਫੈਕਟਰੀ ਮਾਲਕ ਨੇ ਤਾਲਾ ਨਹੀਂ ਖੋਲ੍ਹਿਆ। ਉਹ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਬਾਹਰ ਆਇਆ, ਪਰ ਫਿਰ ਉਸ ਨੇ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਇਹ ਕਹਿਕੇ ਚਲਾ ਗਿਆ ਕਿ ਉਸਦੀ ਸਿਹਤ ਵਿਗੜ ਗਈ ਹੈ। ਹਾਲਾਂਕਿ, ਬਾਅਦ ਵਿਚ ਫੈਕਟਰੀ ਮਾਲਕ ਨੇ ਕਿਹਾ ਕਿ ਇਥੇ ਕੰਮ ਕਾਫੀ ਲੰਬੇ ਸਮੇਂ ਲਈ ਰੁਕਿਆ ਹੋਇਆ ਸੀ, ਸਿਰਫ ਉਸ ਨੂੰ ਚਲਾ ਕੇ ਹੀ ਦੇਖ ਰਹੇ ਸਨ। ਧੂੰਏਂ ਤੋਂ ਪ੍ਰੇਸ਼ਾਨ ਇਲਾਕੇ ਦੇ ਲੋਕ ਵੀ ਉਥੇ ਇਕੱਠੇ ਹੋ ਗਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਨੇ ਫੈਕਟਰੀ ਮਾਲਕ ਦੇ ਵਿਵਹਾਰ ਉੱਤੇ ਵੀ ਸਵਾਲ ਚੁੱਕੇ।
ਕੌਂਸਲਰ ਦੇ ਪਤੀ ਰਵੀ ਸੈਣੀ ਨੇ ਦੱਸਿਆ ਕਿ ਦਾਦਾ ਕਲੋਨੀ ਰਿਹਾਇਸ਼ੀ ਖੇਤਰ ਹੈ। ਇਸ ਦੇ ਬਾਵਜੂਦ, ਇੱਥੇ ਫੈਕਟਰੀ ਚੱਲ ਰਹੀ ਹੈ। ਬੁੱਧਵਾਰ ਦੀ ਸਵੇਰ ਜਦੋਂ ਉਹ ਇਥੋਂ ਲੰਘ ਰਿਹਾ ਸੀ ਅਤੇ ਉਨ੍ਹਾਂ ਨੇ ਧੂੰਆਂ ਨਿਕਲਦਾ ਦੇਖਿਆ। ਉਨ੍ਹਾਂ ਨੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਗੇਟ ਨਹੀਂ ਖੋਲ੍ਹਿਆ। ਇੱਥੇ ਕੋਈ ਜ਼ਹਿਰੀਲਾ ਰਸਾਇਣ ਨਾ ਹੋਵੇ , ਇਸ ਲਈ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਦੇ ਬਾਵਜੂਦ ਗੇਟ ਨਹੀਂ ਖੁੱਲ੍ਹਿਆ। ਫਾਇਰ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਪਰ ਕੋਈ ਹਾਦਸਾ ਹੋਇਆ ਹੈ ਜਾਂ ਇਹ ਕਿਸੇ ਰਾਸਾਇਣ ਦਾ ਧੂੰਆਂ ਹੈ, ਇਹ ਉਦੋਂ ਤੱਕ ਪਤਾ ਨਹੀਂ ਚੱਲੇਗਾ ਜਦੋਂ ਤੱਕ ਅਸੀਂ ਅੰਦਰ ਨਹੀਂ ਜਾਂਦੇ। ਫੈਕਟਰੀ ਮਾਲਕ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦੇ ਰਿਹਾ, ਜਿਸ ਕਰਕੇ ਉਹ ਅਜੇ ਸਿਰਫ ਇੰਤਜ਼ਾਰ ਕਰ ਰਹੇ ਹਨ। ਪੁਲਿਸ ਨੂੰ ਸਾਰੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ।