Soldier Amardeep Singh : ਮਹਿਲ ਕਲਾਂ : ਸਿਆਚਿਨ (ਲੇਹ ਲਦਾਖ਼) ‘ਚ ਬਰਫ਼ ਹੇਠਾਂ ਦੱਬ ਕੇ ਸ਼ਹੀਦ ਹੋਏ ਨੌਜਵਾਨ ਫ਼ੌਜੀ ਅਮਰਦੀਪ ਸਿੰਘ (23) ਪੁੱਤਰ ਮਨਜੀਤ ਸਿੰਘ ਵਾਸੀ ਕਰਮਗੜ੍ਹ (ਬਰਨਾਲਾ) ਦਾ ਅੰਤਿਮ ਸਸਕਾਰ ਪਿੰਡ ਕਰਮਗੜ੍ਹ ਵਿਖੇ ਸਰਕਾਰੀ ਸਨਮਾਨਾਂ ਨਾਲ ਅੱਜ ਕਰ ਦਿੱਤਾ ਗਿਆ। ਸਾਰੀਆਂ ਦੀਆਂ ਅੱਖਾਂ ਨਮ ਸਨ। ਦੱਸ ਦੇਈਏ ਐਤਵਾਰ ਨੂੰ ਬਰਫੀਲੇ ਤੂਫਾਨ ਕਾਰਨ ਸਿਆਚਿਨ ਗਲੇਸ਼ੀਅਰ ਵਿੱਚ ਪੰਜਾਬ ਦੇ ਦੋ ਸੈਨਿਕ ਸ਼ਹੀਦ ਹੋ ਗਏ ਸਨ। ਪੰਜਾਬ ਰੈਜੀਮੈਂਟ ਦੇ ਇਹ ਦੋਵੇ ਜਵਾਨ ਲੱਦਾਖ ਦੇ ਸਿਆਚਿਨ ਸਬ-ਸੈਕਟਰ ਹਨੀਫ ਵਿੱਚ ਬਰਫਬਾਰੀ ਦੀ ਲਪੇਟ ਵਿੱਚ ਆ ਕੇ ਸ਼ਹੀਦ ਹੋਏ ਹਨ। ਜਦਕਿ ਬਰਫ਼ ਹੇਠਾਂ ਦੱਬ ਸੈਨਿਕ ਜੋ ਫੱਸ ਗਏ ਸਨ, ਉਨ੍ਹਾਂ ਨੂੰ ਬਚਾ ਲਿਆ ਗਿਆ ਹੈ।
ਪਿੰਡ ਕਰਮਗੜ੍ਹ ਵਿੱਚ ਅਮਰਦੀਪ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੋਗ ਦੀ ਲਹਿਰ ਫ਼ੈਲ ਗਈ ਸੀ। ਪਿੰਡ ਕਰਮਗੜ੍ਹ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖ ਰੈਜੀਮੈਂਟ ਦੇ ਸੂਬੇਦਾਰ ਗੁਰਮੇਲ ਸਿੰਘ ਦਾ ਫ਼ੋਨ ਆਇਆ ਸੀ ਕਿ ਲੇਹ-ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿੱਚ ਦੱਬਣ ਨਾਲ ਅਮਰਦੀਪ ਸਿੰਘ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰਦੀਪ ਸਿੰਘ ਦਾ ਜੱਦੀ ਪਿੰਡ ਫੂਲ ਹੈ ਅਤੇ ਉਸਦਾ ਪਾਲਣ-ਪੋਸ਼ਣ ਉਸ ਦੀ ਭੂਆ ਅਤੇ ਫੁੱਫੜ ਵੱਲੋਂ ਕੀਤਾ ਜਾ ਰਿਹਾ ਸੀ। ਅਮਰਦੀਪ ਸਿੰਘ 2018 ਵਿੱਚ ਫੌਜ ’ਚ ਭਰਤੀ ਹੋਇਆ ਸੀ। ਸ਼ਹੀਦ ਅਮਰਦੀਪ ਸਿੰਘ ਦੀ ਇੱਕ ਛੋਟੀ ਭੈਣ ਸੁਖਦੀਪ ਕੌਰ ਵੀ ਹੈ, ਜੋ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਹੈ। ਪ੍ਰਭਜੀਤ ਸਿੰਘ ਤਿੰਨ ਸਾਲ ਪਹਿਲਾਂ ਪਿੰਡ ਵਿੱਚ ਪੜ੍ਹਾਈ ਪੂਰੀ ਕਰਨ ਮਗਰੋਂ 21 ਪੰਜਾਬ ਬਟਾਲੀਅਨ ਵਿੱਚ ਸੈਨਿਕ ਭਰਤੀ ਹੋਇਆ ਸੀ ਅਤੇ ਉਸਦੀ ਡਿਊਟੀ ਸਿਆਚਿਨ ਵਿੱਚ ਲੱਗੀ ਹੋਈ ਸੀ। ਪ੍ਰਭਜੀਤ ਸਿੰਘ ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਪ੍ਰਭਜੀਤ ਦੇ ਪਿਤਾ ਕੋਲ ਜਗਪਾਲ ਸਿੰਘ ਕੋਲ ਡੇਢ ਏਕੜ ਜ਼ਮੀਨ ਹੈ।
ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਭਜੀਤ ਸਿੰਘ ਅਤੇ ਸਿਪਾਹੀ ਅਮਰਦੀਪ ਸਿੰਘ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।