Special on Parasuram : ਪਰਸ਼ੂਰਾਮ ਭਗਵਾਨ ਨੂੰ ਵਿਸ਼ਨੂੰ ਦੇ ਛੇਵੇਂ ਅਵਤਾਰ ਮੰਨਿਆ ਜਾਂਦਾ ਹੈ। ਇਹ ਬ੍ਰਹਮਾ ਦੇ ਵੰਸ਼ਜ ਅਤੇ ਸ਼ਿਵ ਦੇ ਭਗਤ ਹਨ। ਇਹ ਤਰੇਤਾ ਯੁਗ ਵਿੱਚ ਰਹੇ ਅਤੇ ਹਿੰਦੂ ਮਿਥਿਹਾਸ ਦੇ ਸੱਤ ਚਿਰਨਜੀਵੀਆਂ (ਅਮਰ) ਵਿੱਚੋਂ ਇੱਕ ਹਨ। ਇਨ੍ਹਾਂ ਨੇ ਪ੍ਰਿਥਵੀ ਨੂੰ 21 ਵਾਰ ਖਤਰੀਆਂ ਤੋਂ ਖਾਲੀ ਕੀਤਾ। ਇਹ ਮਹਾਂਭਾਰਤ ਵਿੱਚ ਕਰਨ ਅਤੇ ਦਰੋਣ ਦੇ ਗੁਰੂ ਸਨ। ਰਾਮਾਇਣ ਵਿੱਚ ਇਹਨਾਂ ਨੇ ਰਾਜਾ ਜਨਕ ਨੂੰ ਇੱਕ ਸ਼ਿਵ ਧਨੁਸ਼ ਭੇਟ ਕਿੱਤਾ। ਇਹ ਧਨੁਸ਼ ਨੂੰ ਸੀਤਾ ਦੇ ਸੁੰਅਵਰ ਦੌਰਾਨ ਤੋੜ ਕੇ ਰਾਮ ਨੇ ਸੀਤਾ ਨਾਲ ਵਿਵਾਹ ਕੀਤਾ।
ਇਕ ਪੌਰਾਣਿਕ ਕਥਾ ਅਨੁਸਾਰ ਕਾਰਤਵੀਰਯ ਅਰਜੁਨ ਨਾਂ ਦੇ ਰਾਜਾ ਨੇ ਭਗਵਾਨ ਪਰਸ਼ੂਰਾਮ ਜੀ ਦੇ ਤਪੱਸਿਆ ਲਈ ਜਾਣ ਮਗਰੋਂ ਉਨ੍ਹਾਂ ਦੇ ਪਿਤਾ ਰਿਸ਼ੀ ਜਮਦਗਨੀ ਦੇ ਆਸ਼ਰਮ ‘ਤੇ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਤੇ ਆਸ਼ਰਮ ਨੂੰ ਤਹਿਸ-ਨਹਿਸ ਕਰ ਕੇ ਇੱਛਾਵਾਂ ਪੂਰੀਆਂ ਕਰਨ ਵਾਲੀ ਕਾਮਧੇਨੂ ਗਊ ਚੁਰਾ ਲਈ। ਪਰਸ਼ੂਰਾਮ ਜੀ ਨੇ ਪਾਪੀ ਰਾਜਾ ਕਾਰਤਵੀਰਯ ਅਰਜੁਨ ਤੇ ਉਸ ਦੇ ਵੰਸ਼ ਨੂੰ ਖ਼ਤਮ ਕਰ ਕੇ ਸਾਰਾ ਰਾਜ-ਭਾਗ ਮਹਾਰਿਸ਼ੀ ਕੱਸ਼ਯਪ ਨੂੰ ਸੌਂਪ ਦਿੱਤਾ। ਇਸ ਪ੍ਰਕਾਰ ਭਗਵਾਨ ਪਰਸ਼ੂਰਾਮ ਨੇ 21 ਵਾਰ ਸਾਰੀ ਧਰਤੀ ਫ਼ਤਹਿ ਕੀਤੀ। ਸਾਰੀ ਧਰਤੀ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਵੀ ਭਗਵਾਨ ਪਰਸ਼ੂਰਾਮ ਦੇ ਮਨ ‘ਚ ਕਦੇ ‘ਰਾਜਸੁੱਖ’ ਦੀ ਇੱਛਾ ਨਹੀਂ ਹੋਈ। ਆਪ ਸਾਰੀ ਧਰਤੀ ਦਾ ਦਾਨ ਰਿਸ਼ੀਆਂ ਨੂੰ ਕਰ ਕੇ, ਤਿਆਗ ਦੀ ਮੂਰਤੀ ਸਿੱਧ ਹੋਏ। ਇਸੇ ਲਈ ਉਨ੍ਹਾਂ ਨੂੰ ‘ਦਾਨਵੀਰ’ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ।
ਭਗਵਾਨ ਪਰਸ਼ੂਰਾਮ ਜੀ ਚਿਰੰਜੀਵੀ ਹਨ। ਉਨ੍ਹਾਂ ਨੇ ਆਪਣਾ ਸ਼ਰੀਰ ਤਿਆਗਿਆ ਨਹੀਂ। ਅੱਜ ਵੀ ਉਨ੍ਹਾਂ ਦੇ ਮਹੇਂਦਰਾਂਚਲ ਗਿਰੀ ‘ਤੇ ਤਪੱਸਿਆ ‘ਚ ਲੀਨ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ। ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਵੱਲੋਂ ਪਰਸ਼ੂਰਾਮ ਜੀ ਅੱਗੇ ਆਦਰ ਸਹਿਤ ਸਿਰ ਝੁਕਾਉਣਾ ਪਰਸ਼ੂਰਾਮ ਜੀ ਨੂੰ ‘ਭਗਵਾਨ’ ਦੇ ਰੂਪ ਵਿਚ ਸੁਸ਼ੋਭਿਤ ਕਰਦਾ ਹੈ।