Special on the : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਈ: (ਯੂਲੀਅਨ) ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। 1603 ‘ਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਰੀ ਸੌਪੀ ਗਈ। ਸ਼ਸਤਰ ਵਿਦਿਆ ਦਾ ਆਪ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੁੰਦੇ ਗਏ। ਬਾਬਾ ਬੁਢਾ ਜੀ ਆਪ ਨੂੰ ਦੇਖ ਕੇ ਮਹਾਬਲੀ ਯੋਧਾ ਹੋਣ ਦਾ ਆਖ ਦਿੰਦੇ ਸਨ। ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿਤਾ ਗਿਆ। ਗੁਰੂ ਹਰਗੋਬਿੰਦ ਸਹਿਬ ਉਸ ਸਮੇਂ ਕੋਈ 11 ਸਾਲ ਦੇ ਸਨ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਅਸਰ ਆਮ ਸਿੱਖਾਂ ਤੇ ਬਹੁਤ ਪਿਆ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖਾਂ ਵਿੱਚ ਸ਼ਸਤ੍ਰ ਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਹੋ ਗਿਆ। ਸਤਿਗੁਰੂ ਸਾਹਿਬ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਦੀਆਂ ਧਾਰਨ ਕਰ ਲਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ ਅਰਪਨ ਅਤੇ ਸ਼ਸਤਰ ‘ਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿਦਿਆ ਸਿਖਾਉਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ।
ਸ੍ਰੀਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕੀਤੀ ਅਤੇ ਸੂਰਮਿਆਂ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਇੱਥੇ ਆਪ ਜੀ ਨੇ 9 ਸਾਲ ਸਮਾਂ ਗੁਜ਼ਾਰਿਆ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪ੍ਰਚਾਰ ‘ਚ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਇੱਕ ਚੰਗੀ ਜੱਥੇ ਬੰਦੀ ਦੀ ਸਥਾਪਨਾ ਕੀਤੀ। 1612-13 ਵਿੱਚ ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਰਖੂ ਅੱਖ ਨੇ ਪੈਂਦੇ ਖਾਂ ‘ਤੇ ਖ਼ਾਸ ਮਿਹਰ ਕੀਤੀ। ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਨੂੰ ਉਸਨੇ ਆਗਰੇ ਤੋਂ ਗੁਪਤ ਹੁਕਮ ਦੇਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿਤਾ ਜਿਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। 1614 ਵਿੱਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸਨੇ ਫਕੀਰ ਮੀਆਂ ਮੀਰ ਦੇ ਕਹਿਣ ਤੇ ਰਹਾਈ ਦਾ ਹੁਕਮ ਦੇ ਦਿੱਤਾ। ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੱੜ ਕੇ 52 ਰਾਜੇ ਵੀ ਜੇਲ ਵਿਚੋਂ ਰਿਹਾਅ ਹੋਏ ਸਨ। ਇਸੇ ਕਰ ਕੇ ਆਪ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਅੰਮ੍ਰਿਤਸਰ ਦੀ ਲੜਾਈ 1634 ਈ: ਵਿੱਚ ਸ਼ਾਹਜਹਾਂ ਦੇ ਸੈਨਾਪਤੀ ਗੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿੱਚਕਾਰ ਬਾਜ਼ ਦੇ ਕਾਰਨ ਹੋਈ। ਜਿਸ ਵਿੱਚ ਗੁਰੂ ਜੀ ਦੀ ਜਿੱਤ ਹੋਈ। ਇਹ ਗੁਰੂ ਜੀ ਦੀ ਸ਼ਾਹਜਹਾਂ ਨਾਲ ਪਹਿਲੀ ਲੜਾਈ ਸੀ। ਕਰਤਾਰਪੁਰ ਦੀ ਲੜਾਈ 1635 ਈ: ਵਿੱਚ ਹੋਈ। ਪੈਂਦੇ ਖਾਂ ਨੇ ਜਲੰਧਰ ਦੇ ਸੂਬੇਦਾਰ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਾਹੌਰ ਦੇ ਨਵਾਬ ਨੇ ਕਾਲੇ ਖਾਂ ਦੀ ਕਮਾਨ ਹੇਠ ਫੌਜ ਤੋਰ ਦਿੱਤੀ। ‘ਕਰਤਾਰਪੁਰ’ ਦੀ ਇਸ ਲੜਾਈ ਵਿੱਚ ਸ਼ਹਿਰ ਨੂੰ ਘੇਰ ਲਿਆ ਗਿਆ। ਹੋਰ ਸਿੱਖ ਯੋਧਿਆਂ ਦਾ ਨਾਲ 14 ਸਾਲ ਦੇ ਤੇਗ ਬਹਾਦਰ (ਪਹਿਲਾ ਨਾਮ ਤਿਆਗ ਮੱਲ) ਜੀ ਵੀ ਮੈਦਾਨੇ ਜੰਗ ਵਿੱਚ ਲੜੇ। ਆਖਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਆਇਆ ਅਤੇ ਗੁਰੂ ਜੀ ਉੱਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜੱਦ ਕਿ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜਖ਼ਮੀ ਹੋਕੇ ਘੋੜੇ ਤੋਂ ਡਿੱਗ ਪਿਆ ਅਤੇ ਉਸ ਦਾ ਅੰਤ ਨੇੜੇ ਆਗਿਆ। ਪੈਂਦੇ ਖਾਂ ਦਾ ਦਾਮਾਦ ਕਾਲੇ ਖਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ। ਇਹ ਯੁਧ 1635 ਦਾ ਹੈ ਜਿਸ ਵਿੱਚ ਮੁਸਲਮਾਨੀ ਫੌਜ ਨੇ ਭੱਜ ਕੇ ਜਾਣ ਬਚਾਈ। 1635ਈ: ਵਿੱਚ ਹੀ ਫਗਵਾੜਾ ਦਾ ਯੁੱਧ ਹੋਇਆ। ਜਿਸ ਵਿੱਚ ਭਾਈ ਦਾਸਾ ਜੀ ਅਤੇ ਭਾਈ ਸੁਲੇਹਾ ਜੀ ਸ਼ਹੀਦ ਹੋਏ। ਇਸ ਵਿੱਚ ਗੁਰੂ ਜੀ ਦੀ ਹਾਰ ਹੋਈ। 1638 ਵਿੱਚ ਬਾਬਾ ਗੁਰਦਿਤਾ ਜੀ ਚਲਾਨਾ ਕਰ ਗਏ। ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ। 1635 ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ। ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ (ਪੁੱਤਰ ਬਾਬਾ ਗੁਰ ਦਿਤਾ ਜੀ) ਹਰਿ ਰਾਏ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।