Sports department starts online : ਚੰਡੀਗੜ੍ਹ : ਖੇਡ ਵਿਭਾਗ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਹਾਲਾਤ ਆਣ ਹੋਣ ਤੋਂ ਬਾਅਦ ਹੋਣ ਵਾਲੇ ਸੂਬਾਈ, ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਲਈ 5 ਅਗਸਤ ਤੋਂ ਆਨਲਾਈਨ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਲਈ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਡਾਇਰੈਕਟਰ, ਜੁਆਇੰਟ ਡਾਇਰੈਕਟਰ, ਸੂਬੇ ਭਰ ਦੇ ਜ਼ਿਲਾ ਖੇਡ ਅਫ਼ਸਰਾਂ ਤੇ ਕੋਚਾਂ ਨੂੰ ਪਹਿਲਕਦਮੀ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ ਕਿ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦੌਰਾਨ ਸਾਰੇ ਤੈਅ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਕਿ ਖਿਡਾਰੀ ਹਮੇਸ਼ਾ ਟੂਰਨਾਮੈਂਟਾਂ ਲਈ ਤਿਆਰ ਰਹਿਣ।
ਖਿਡਾਰੀਆਂ ਦੇ ਪੋਸ਼ਣ ਵਿੱਚ ਕੋਈ ਘਾਟ ਨਾ ਆਉਣ ਦੇਣ ਦੀ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਖਿਡਾਰੀਆਂ ਨੂੰ ਖੁਰਾਕ ਤੇ ਸਿਹਤ ਪ੍ਰੋਟੋਕੋਲ ਬਾਰੇ ਵੀ ਦੱਸਿਆ ਜਾਵੇ ਤਾਂ ਕਿ ਉਹ ਕੋਰੋਨਾ ਬਿਮਾਰੀ ਤੋਂ ਬਚ ਸਕਣ। ਇਸ ਸਬੰਧੀ ਸੂਬੇ ਭਰ ਦੇ ਕੋਚਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਖਿਡਾਰੀਆਂ ਲਈ ਇਸ ਸਿਖਲਾਈ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਆਨਲਾਈਨ ਕੋਚਿੰਗ ਨਾਲ ਖਿਡਾਰੀਆਂ ਨੂੰ ਮਸਰੂਫ਼ ਰੱਖਣ ਵਿੱਚ ਵੀ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਆਨਲਾਈਨ ਸਿਖਲਾਈ ਤੇ ਕੋਚਿੰਗ ਇਕ ਪਾਸੇ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਇਸ ਮਹਾਂਮਾਰੀ ਦੌਰਾਨ ਅਗਲੇ ਟੂਰਨਾਮੈਂਟਾਂ ਲਈ ਤਿਆਰ ਰੱਖੇਗੀ, ਜਦੋਂ ਕਿ ਦੂਜੇ ਪਾਸੇ ਖਿਡਾਰੀਆਂ ਵਿੱਚ ਇਸ ਖਤਰਨਾਕ ਬਿਮਾਰੀ ਨਾਲ ਲੜਨ ਦੀ ਭਾਵਨਾ ਭਰੀ ਜਾਵੇਗੀ। ਇਸ ਲਈ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨੇ ਸੂਬੇ ਭਰ ਦੇ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ।