ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਬੰਦ ਹੋ ਗਈ ਹੈ। ਗੁਰੂਘਰ ਦੇ ਕਪਾਟ ਬੰਦ ਕਰ ਦਿੱਤੇ ਗਏ ਹਨ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਸਰਦੀਆਂ ਲੰਘਣ ਤੋਂ 5 ਮਹੀਨੇ ਬਾਅਦ ਖੁੱਲ੍ਹਣਗੇ। ਸਵੇਰੇ ਦਰਵਾਜ਼ੇ ਬੰਦ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਉਪਰੰਤ ਸੰਗਤਾਂ ਨੇ ਗੁਰੂਘਰ ਵਿੱਚ ਸ਼ਬਦ ਕੀਰਤਨ ਦਾ ਆਨੰਦ ਮਾਣਿਆ।
ਕਪਾਟ ਬੰਦ ਕਰਨ ਤੋਂ ਪਹਿਲਾਂ ਅੰਤਿਮ ਅਰਦਾਸ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ‘ਤੇ ਸੁਸ਼ੋਭਿਤ ਕਰਕੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਿਆਂ ਪੰਜ ਪਿਆਰਿਆਂ ਦੀ ਅਗਵਾਈ ‘ਚ ਜਲੂਸ ਕੱਢਿਆ ਗਿਆ। ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਖੰਡ ਸਾਹਿਬ ਦੇ ਦਰਵਾਜ਼ੇ ਸੁਸ਼ੋਭਿਤ ਕਰਕੇ ਬੰਦ ਕੀਤੇ ਗਏ। ਇਸ ਮੌਕੇ 2500 ਤੋਂ 3000 ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ ਹੋਏ ਸਨ।
ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਕਰਨ ਮੌਕੇ ਜੋਸ਼ੀਮੱਠ ਦੇ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਤੱਕ ਦੇ ਸਮੁੱਚੇ ਰਸਤੇ ਨੂੰ ਸਜਾਇਆ ਗਿਆ। ਕਪਾਟਬੰਦੀ ਮੌਕੇ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਗਿਆ। ਅਰਦਾਸ ਕਰਨ ਉਪਰੰਤ 12 ਵਜੇ ਦੇ ਕਰੀਬ ਸ਼ਬਦ ਕੀਰਤਨ ਆਰੰਭ ਹੋਇਆ। ਅੰਤਿਮ ਅਰਦਾਸ ਦੁਪਹਿਰ ਕਰੀਬ 1:15 ਵਜੇ ਹੋਈ ਜਿਸ ਵਿੱਚ ਸਮੂਹ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਚੈਕਿੰਗ ਦੌਰਾਨ ਫੜੇ 26,711 ਯਾਤਰੀ, ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ ਵਸੂਲੇ 2.39 ਕਰੋੜ
ਦੁਪਹਿਰ 1.30 ਵਜੇ ਦੇ ਕਰੀਬ ਪੰਚ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ‘ਤੇ ਸੁਸ਼ੋਭਿਤ ਕਰਕੇ ਦਰਬਾਰ ਸਾਹਿਬ ਤੋਂ ਸੱਚ-ਖੰਡ ਤੱਕ ਸਤਿਕਾਰ ਨਾਲ ਲਿਜਾਇਆ ਗਿਆ। ਇਸ ਤੋਂ ਬਾਅਦ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਦਰਵਾਜ਼ੇ ਬੰਦ ਕਰ ਦਿੱਤੇ ਗਏ। ਦੱਸ ਦੇਈਏ ਕਿ ਹਰ ਸਾਲ ਸਰਦੀਆਂ ਵਿੱਚ ਭਾਰੀ ਬਰਫਬਾਰੀ ਦੇ ਕਾਰਨ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਅਗਲੇ ਸਾਲ ਦੁਬਾਰਾ ਖੋਲ੍ਹ ਦਿੱਤੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: