Strict action may be taken by : ਐਸ ਏ ਐਸ ਨਗਰ : ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਧਿਆਨ ਵਿਚ ਰਖਦੇ ਹੋਏ ਮੋਹਾਲੀ ਵਿਚ ਹਫਤੇ ਦੇ ਆਖਰੀ ਦਿਨਾਂ (ਵੀਕੈਂਡ) ਦੌਰਾਨ ਪਾਬੰਦੀਆਂ ਵਧਾਈਆਂ ਜਾ ਸਕਦਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸਏਐਸ ਨਗਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹਫਤੇ ਦੇ ਆਖਰੀ ਦਿਨਾਂ ਦੌਰਾਨ ਵਧੇਰੇ ਪਾਬੰਦੀਆਂ ਲਗਾਉਣ ਸਬੰਧੀ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਡੀਸੀ ਨੇ ਨਗਰ ਨਿਗਮ ਮੁਹਾਲੀ ਦੇ ਅਧਿਕਾਰੀਆਂ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਨਾਲ ਹੀ ਸਬ-ਡਵੀਜ਼ਨਲ ਮੈਜਿਸਟਰੇਟਸ ਸਮੇਤ ਸਮੁੱਚੀ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਵਾਲੀ ਟੀਮ ਨੂੰ ਮਾਰਕੀਟਾਂ, ਮਾਲਾਂ, ਰੈਸਟੋਰੈਂਟਾਂ/ਖਾਣ-ਪੀਣ ਦੀਆਂ ਥਾਵਾਂ, ਜਨਤਕ ਦਫਤਰਾਂ, ਬੈਂਕਾਂ ਆਦਿ ਵਰਗੀਆਂ ਭੀੜ ਵਾਲੀਆਂ ਥਾਵਾਂ ‘ਤੇ ਸਮਾਜਿਕ ਦੂਰੀਆਂ ਅਤੇ ਮਾਸਕ ਪਹਿਨਣ ਨੂੰ ਸਖਤੀ ਨਾਲ ਲਾਗੂ ਕਰਨ ਲਈ ਤੁਰੰਤ ਪ੍ਰਭਾਵ ਨਾਲ ਟੀਮਾਂ ਨੂੰ ਸਰਗਰਮ ਹੋਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਉਨ੍ਹਾਂ ਕਿਹਾ ਕਿ ਚੱਲ ਰਹੇ ‘ਅਨਲਾੱਕ’ ਪੜਾਅ ਵਿੱਚ ਆਵਾਜਾਈ/ਆਉਣ-ਜਾਣ ਦੀ ਢਿੱਲ ਦੇਣ ਨਾਲ ਕੋਰੋਨਾ ਦੇ ਮਾਮਲਿਆਂ ਦਾ ਵਾਧਾ ਸੁਭਾਵਕ ਸੀ ਅਤੇ ਇਸ ਸਬੰਧੀ ਢੁੱਕਵੇਂ ਉਪਾਅ ਕੀਤੇ ਜਾ ਰਹੇ ਹਨ। ਇਸ ਸਬੰਧੀ ਮੁਹਾਲੀ ਵਿੱਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਖੁਦ ਫਲੂ ਸੈਂਟਰਾਂ ਜਾਂ ਹਸਪਤਾਲਾਂ ਵਿੱਚ ਜਾਂਚ ਕਰਵਾਉਣ ਨਹੀਂ ਆ ਰਹੇ ਹਨ, ਪ੍ਰਸ਼ਾਸਨ ਸ਼ੱਕੀ ਮਰੀਜ਼ਾਂ ਦੇ ਵੱਧ ਤੋਂ ਵੱਧ ਸੈਂਪਲ ਲੈ ਰਿਹਾ ਹੈ, ਜਿਸ ਦੇ ਚੱਲਦਿਆਂ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚੌਕਸੀ ਵਿਚ ਢਿੱਲ ਨਹੀਂ ਕੀਤੀ ਅਤੇ ਸਥਿਤੀ ਕੰਟਰੋਲ ਅਧੀਨ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਡੇਰਾਬਸੀ ਵਿੱਚ ਬਹੇੜਾ ਵਿਚ ਪੰਦਰਂ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਕਰਕੇ ਇਸ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ, ਪੰਜ ਤੋਂ ਵੱਧ ਮਾਮਲੇ ਸਾਹਮਣੇ ਆਉਣ ਕਰਕੇ ਪਿੰਡ ਮਜਾਤ ਦੀ ਚਾਰਕੋਲ ਫੈਕਟਰੀ ਅਤੇ ਪੀਰਮੁਛੱਲਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕਲੱਸਟਰ ਬਣਾਇਆ ਗਿਆ ਹੈ ਅਤੇ ਦੋ ਤੋਂ ਵੱਧ ਮਾਮਲੇ ਸਾਹਮਣੇ ਆਉਣ ਕਰਕੇ ਸੈਕਟਰ-66 ਮੁਹਾਲੀ ਨੂੰ ਕਲੱਸਟਰ ਐਲਾਨਿਆ ਗਿਆ ਹੈ। ਦੱਸਣਯੋਗ ਹੈ ਕਿ ਮੋਹਾਲੀ ਵਿਚ ਹੁਣ ਤੱਕ ਕੋਰੋਨਾ ਦੇ 423 ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਦਿਨ ਜ਼ਿਲੇ ਵਿਚ ਕੋਰੋਨਾ ਦੇ 31 ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਅੱਜ ਵੀ ਮੋਹਾਲੀ ਵਿਚ ਕੋਰੋਨਾ ਨਾਲ ਇਕ 48 ਸਾਲਾ ਵਿਅਕਤੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ, ਜਿਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ।