Sulfas pills first : ਤਰਨਤਾਰਨ ਦੇ ਪਿੰਡ ਸੱਕਿਆਂਵਾਲੀ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਜਸਵਿੰਦਰ ਸਿੰਘ ਉਰਫ ਬੱਬਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਦੀ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਹੱਤਿਆ ਕਰ ਦਿੱਤੀ। ਉਸ ਨੇ 22 ਮਾਰਚ ਦੀ ਰਾਤ ਨੂੰ ਆਪਣੀ ਪਤਨੀ ਨੂੰ ਸਲਫਾਸ ਦੀਆਂ ਗੋਲੀਆਂ ਖੁਆਈਆਂ ਪਰ ਮੌਤ ਨਾ ਹੋਣ ਕਾਰਨ ਬਾਅਦ ‘ਚ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ। ਆਪਣੇ ਅਪਰਾਧ ਨੂੰ ਲੁਕਾਉਣ ਲਈ ਉਸ ਨੇ ਲਾਸ਼ ਨੂੰ ਖੁਰਦ-ਬੁਰਦ ਕਰਕੇ ਰਾਤ ਸਮੇਂ ਉਸ ਦਾ ਸਸਕਾਰ ਕਰਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ੍ਹ ਦਿੱਤੀ। ਬੱਬਾ ਨੇ ਸਾਰਾ ਕੁਝ ਕਰਨ ਤੋਂ ਬਾਅਦ ਅਗਲੇ ਦਿਨ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਕੀਆਂਵਾਲਾ ਦੇ ਵਸਨੀਕ ਅਜਮੇਰ ਸਿੰਘ ਦੀ ਇੱਕ ਲੜਕੀ ਮਨਪ੍ਰੀਤ ਕੌਰ ਦਾ ਵਿਆਹ 2016 ਵਿੱਚ ਜਸਵਿੰਦਰ ਸਿੰਘ ਉਰਫ ਬੱਬਾ ਨਾਲ ਹੋਇਆ ਸੀ। ਮਨਪ੍ਰੀਤ ਕੌਰ ਇੱਕ 4 ਸਾਲ ਦੇ ਲੜਕੇ ਦੀ ਮਾਂ ਹੈ। ਜਸਵਿੰਦਰ ਸਿੰਘ ਬੱਬਾ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਨਾਜਾਇਜ਼ ਸੰਬੰਧ ਹੈ। 22 ਮਾਰਚ ਦੀ ਰਾਤ ਨੂੰ ਜਸਵਿੰਦਰ ਸਿੰਘ ਬੱਬਾ ਨੇ ਆਪਣੀ ਮਾਂ ਨਰਿੰਦਰ ਕੌਰ ਨਾਲ ਮਿਲ ਕੇ ਆਪਣੇ 4 ਸਾਲ ਦੇ ਲੜਕੇ ਜੋਬਨ ਨੂੰ ਨੀਂਦ ਦੀ ਗੋਲੀ ਦੇ ਕੇ ਸੁਆ ਦਿੱਤਾ। ਫਿਰ ਮਨਪ੍ਰੀਤ ਕੌਰ ਨੂੰ ਮਾਰਨ ਲਈ ਉਸ ਨੂੰ ਦੁੱਧ ਵਿਚ ਸਲਫਾਸ ਦੀਆਂ ਗੋਲੀਆਂ ਨਾਲ ਉਸ ਦੀ ਮੌਤ ਨਹੀਂ ਹੋਈ ਤਾਂ ਦੋਸ਼ੀ ਬੱਬਾ ਨੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਉਪਰੋਕਤ ਜਾਣਕਾਰੀ ਦਿੰਦਿਆਂ ਐਸਐਸਪੀ ਧੁਰਮਨ ਐਚ ਨਿੰਬਲੇ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਸਿੰਘ ਬੱਬਾ ਨੇ ਲਾਸ਼ ਨੂੰ ਟਿਕਾਣੇ ਲਗਾਉਣ ਦੇ ਮਕਸਦ ਨਾਲ ਮਨਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਕੀਤਾ ਅਤੇ ਫਿਰ ਮ੍ਰਿਤਕ ਦੇਹ ਨੂੰ ਦਰਿਆ ਬਿਆਸ ਵਿੱਚ ਸੁੱਟ ਦਿੱਤਾ। 23 ਮਾਰਚ ਦੀ ਸਵੇਰ ਨੂੰ ਥਾਣਾ ਵੈਰੋਵਾਲ ਵਿਖੇ ਪਤਨੀ ਮਨਪ੍ਰੀਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਰਦਿਆਂ ਬੱਬਾ ਨੇ ਦੋਸ਼ ਲਾਇਆ ਕਿ ਉਸਦੀ ਪਤਨੀ ਨਾਜਾਇਜ਼ ਸੰਬੰਧਾਂ ਕਾਰਨ ਕਿਸੇ ਨਾਲ ਚਲੀ ਗਈ ਹੈ। ਐਸਐਸਪੀ ਨਿੰਬਲੇ ਨੇ ਦੱਸਿਆ ਕਿ ਸਬ ਡਵੀਜ਼ਨ ਤਰਨਤਾਰਨ ਦੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਥਾਣਾ ਵੈਰਾਵਲ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਮਨਪ੍ਰੀਤ ਕੌਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਉਣ ਦੇ ਆਦੇਸ਼ ਦਿੱਤੇ, ਜਿਸ ਤੋਂ ਬਾਅਦ ਜਸਵਿੰਦਰ ਸਿੰਘ ਬੱਬਾ ਆਪਣਾ ਮੋਬਾਈਲ ਬੰਦ ਕਰਕੇ ਕਿਤੇ ਦੌੜ ਗਿਆ। ਡੀਐਸਪੀ (ਸਿਟੀ) ਸੁੱਚਾ ਸਿੰਘ ਬੱਲ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕਰਦਿਆਂ ਮੁਲਜ਼ਮ ਬੱਬਾ ਅਤੇ ਉਸ ਦੀ ਮਾਂ ਨਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ।