Summons issued by : ਐੱਨ. ਆਈ. ਏ. ਨੇ ਹੁਣ ‘ਖਾਲਸਾ ਏਡ’ ਦੀ ਇੰਡੀਆ ਇਕਾਈ ਦੇ ਡਾਇਰੈਕਟਰ ਤੇ ਟਰੱਸਟੀਆਂ ਨੂੰ ਨੋਟਿਸ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਐੱਨ. ਆਈ. ਏ. ਵੱਲੋਂ ਕਿਸਾਨੀ ਅੰਦੋਲਨ ‘ਚ ਸੰਘਰਸ਼ ਕਰ ਰਹੇ ਕਿਸਾਨੀ ਸਮਰਥਕਾਂ ਨੂੰ ਸੰਮਨ ਭੇਜੇ ਗਏ ਸਨ। ਖ਼ਾਲਸਾ ਏਡ ਇੰਡੀਆ ਦੇ ਡਾਇਰੈਕਟਰ ਸ: ਅਮਨਪ੍ਰੀਤ ਸਿੰਘ ਨੂੰ NIA ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ‘ਖਾਲਸਾ ਏਡ’ ਜੋ ਕਿ ਦੇਸ਼-ਵਿਦੇਸ਼ ‘ਚ ਮਨੁੱਖੀ ਭਲਾਈ ਦੇ ਕੰਮਾਂ ਲਈ ਮਸ਼ਹੂਰ ਹੈ। ਕਿਸਾਨੀ ਅੰਦੋਲਨ ‘ਚ ਖਾਲਸਾ ਏਡ ਵੱਲੋਂ ਕਾਫੀ ਮਦਦ ਕੀਤੀ ਗਈ । ਕਿਸਾਨਾਂ ਲਈ ਲੰਗਰ ਲਗਾਏ ਗਏ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਰਹਿਣ ਸਹਿਣ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ। ਖਾਲਸਾ ਏਡ ਵੱਲੋਂ ਦਿੱਲੀ ਬਾਰਡਰ ‘ਤੇ ਮਾਲ ਤੇ ਸ਼ੈਲਟਰ ਹੋਮ ਵੀ ਖੋਲ੍ਹਿਆ ਗਿਆ ਤਾਂ ਜੋ ਅੰਦੋਲਨਕਾਰੀਆਂ ਨੂੰ ਜ਼ਰੂਰਤ ਦਾ ਸਾਮਾਨ ਲੈਣ ਲਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਐਨਆਈਏ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਸਬੰਧ ‘ਚ ਜਾਣਕਾਰੀ ਦਿੱਤੀ। ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ ਉਨ੍ਹਾਂ ਵਿੱਚ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿੱਚੋਂ ਇੱਕ ਬਲਦੇਵ ਸਿੰਘ ਸਿਰਸਾ ਸ਼ਾਮਲ ਹਨ, ਜੋ ਕਿਸਾਨੀ ਲਹਿਰ ਦੀ ਅਗਵਾਈ ਕਰ ਰਹੇ ਜਸਬੀਰ ਸਿੰਘ ਰੋਡੇ ਅਤੇ ਅਭਿਨੇਤਾ ਦੀਪ ਸਿੱਧੂ ਹਨ ਜੋ ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਲਹਿਰ ਦਾ ਸਮਰਥਨ ਕਰ ਰਹੇ ਹਨ। ਸਾਰਿਆਂ ਨੂੰ 17 ਜਨਵਰੀ ਨੂੰ ਨਵੀਂ ਦਿੱਲੀ ਦੇ ਲੋਦੀ ਰੋਡ ਸਥਿਤ ਐਨਆਈਏ ਦੇ ਮੁੱਖ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਖਾਲਸਾ ਏਡ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ‘ਚ ਸਾਥ ਦੇ ਰਹੀਆਂ ਵੱਖ-ਵੱਖ ਸੰਸਥਾਵਾਂ ਨੂੰ ਐੱਨ. ਆਈ. ਏ. ਵੱਲੋਂ ਨੋਟਿਸ ਭੇਜੇ ਜਾਣਾ ਗਲਤ ਹੈ ਤੇ ਇਸ ਲਈ ਉਨ੍ਹਾਂ ਨੇ ਨਿਗਰਾਨ ਏਜੰਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਵੱਲੋਂ ਕੀਤੀ ਜਾ ਰਹੀ ਇਸ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਕਾਰਵਾਈ ਦਾ ਨੋਟਿਸ ਲੈਣ।
ਖਾਲਸਾ ਏਡ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਾਰੇ ਕੰਮ ਪਾਰਦਰਸ਼ੀ ਤਰੀਕੇ ਨਾਲ ਕੀਤੇ ਜਾਂਦੇ ਰਹੇ ਹਨ ਅਤੇ ਹਰ ਤਰ੍ਹਾਂ ਦੀਆਂ ਗਾਈਡਲਾਈਜ਼ ਨੂੰ ਮੱਦੇਨਜ਼ਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਜਾਂਚ ‘ਚ ਆਪਣਾ ਪੂਰਾ ਸਹਿਯੋਗ ਦੇਵੇਗੀ ਅਤੇ ਐੱਨ. ਆਈ. ਏ. ਦੇ ਸਵਾਲਾਂ ਦਾ ਜਵਾਬ ਵੀ ਦੇਵੇਗੀ।