Survey of achievements : ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਇਆ ਜਾਵੇਗਾ, ਜਿਸ ਵਿਚ ਚਾਲੂ ਸੈਸ਼ਨ 2020-21 ਦੌਰਾਨ ਇਨ੍ਹਾਂ ਸਕੂਲਾਂ ਦੀ ਐਜੂਕੇਸ਼ਨ ਕੁਆਲਿਟੀ ਦੀ ਜਾਂਚ ਕੀਤੀ ਜਾਵੇਗੀ। ਇਹ ਫੈਸਲਾ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀਆਂ ਹਿਦਾਇਤਾਂ ਮੁਤਾਬਕ ਲਿਆ ਗਿਆ ਹੈ। ਇਸ ਸਰਵੇਖਣ ਦੀ ਸ਼ੁਰੂਆਤ ਅਗਸਤ ਮਹੀਨੇ ਵਿਚ ਹੋਣ ਵਾਲੇ ਕੁਇਜ਼ ਨਾਲ ਹੋਵੇਗੀ ਅਤੇ ਇਸ ਦੇ ਪੰਦਰਾਂ ਦਿਨ ਬਾਅਦ ਮੁੜ ਸਰਵੇਖਣ ਸਬੰਧੀ ਕੁਇਜ਼ ਹੋਵੇਗਾ।
ਸਤੰਬਰ ਮਹੀਨੇ ਵਿਚ ਬੱਚਿਆਂ ਦਾ ਪਹਿਲਾ ਮੋਕ ਟੈਸਟ ਹੋਵੇਗਾ। ਦੂਸਰਾ ਮੋਤ ਟੈਸਟ ਅਕਤੂਬਰ ਅਤੇ ਤੀਸਰਾ ਟੈਸਟ ਨਵੰਬਰ ਮਹੀਨੇ ਵਿਚ ਪੂਰਾ ਕੀਤਾ ਜਾਵੇਗਾ।ਇਸ ਸਰਵੇਖਣ ਲਈ ਕੋਈ ਵੱਖਰਾ ਸਿਲੇਬਸ ਨਹੀਂ ਹੋਵੇਗਾ ਅਤੇ ਇਹ ਪਹਿਲਾਂ ਤੋਂ ਹੀ ਪੜ੍ਹੇ ਜਾ ਰਹੇ ਵਿਸ਼ਿਆਂ ਦੇ ਸਿਲੇਬਸ ‘ਤੇ ਹੀ ਆਧਾਰਿਤ ਹੋਵੇਗਾ। ਇਸ ਸਰਵੇਖਣ ਲਈ ਕਲਾਸਾਂ ਮੁਤਾਬਕ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ ਜਿਸ ਅਧੀਨ ਪ੍ਰਾਇਮਰੀ ਕਲਾਸਾਂ ਦੇ ਸਾਰੇ ਵਿਸ਼ੇ, ਛੇਵੀਂ ਤੋਂ ਦਸਵੀਂ ਤੱਕਦੇ 4 ਵਿਸ਼ਿਆਂ (ਅੰਗਰੇਜ਼ੀ, ਗਣਿਤ, ਸਾਇੰਸ ਅਤੇ ਸਮਾਜਕ ਸਿੱਖਿਆ) ਅਤੇ 11ਵੀਂ ਅਤੇ 12ਵੀਂ ਕਲਾਸ ਦੇ ਕੁਝ ਚੋਣਵੇਂ ਵਿਸ਼ਿਆਂ ‘ਤੇ ਆਧਾਰਤ ਇਹ ਸਰਵੇਅ ਕਰਵਾਇਆ ਜਾਵੇਗਾ।
ਇਸ ਸਰਵੇਅ ਦੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਿਆਂ ਦੇ ਨੋਡਲ ਅਫਸਰ, ਜ਼ਿਲ੍ਹਾ ਸਿੱਖਿਆ ਅਫਸਰ, ਬਲਾਕ ਸਿੱਖਿਆ ਅਫਸਰ, ਸਿੱਖਿਆ ਸੁਧਾਰ ਟੀਮਾਂ, ਜ਼ਿਲ੍ਹਾ ਅਤੇ ਬਲਾਕ ਮੇਂਟਰਸ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਅਤੇ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਵੇਖਣ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਤੇ ਬਲਾਕ ਮੇਂਟੋਰਸ, ਅਧਿਆਪਕਾਂ ਨੂੰ ਟ੍ਰੇਨਿੰਗ ਦੇਣਗੇ ਅਤੇ ਅਧਿਆਪਕ ਵੱਲੋਂ ਅੱਗੇ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸਰਵੇਖਣ ਦੀ ਤਿਆਰੀ ਲਈ ਸੈਂਪਲ ਵਜੋਂ ਕੁਇਜ਼ ਸਬੰਧੀ ਸਹਾਇਕ ਸਮੱਗਰੀ ਵਿਭਾਗ ਵੱਲੋਂ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ।