Tarn Taran police crack down : ਤਰਨਤਾਰਨ ਦੇ ਐਸਐਸਪੀ ਧਰੁਮਨ ਐਚ. ਨਿੰਬਾਲੀ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਪੁਲਿਸ ਵੱਲੋਂ ਨਸ਼ੇ ’ਤੇ ਕਾਬੂ ਪਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀ਼ ਕੀਤਾ ਜਾ ਰਿਹਾ ਹੈ।
ਇਸੇ ਮੁਹਿੰਮ ਅਧੀਨ ਹਰਾਪਲ ਸਿੰਘ ਵਾਸੀ ਪਿੰਡ ਠੱਠਾ ਥਾਣਾ ਸਰਹਾਲੀ ਦੀ ਲਗਭਗ 89 ਲੱਖ 04 ਹਜ਼ਾਰ 375 ਰੁਪਏ ਦੀ ਕੀਮਤ ਵਾਲੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ, ਜਿਸ ਵਿੱਚ ਇੱਕ ਰਿਹਾਇਸ਼ੀ ਘਰ ਤੇ 34 ਕਨਾਲ, 17 ਮਰਲੇ ਜ਼ਮੀਨ ਸ਼ਾਮਲ ਹੈ। ਦੋਸ਼ੀ ਹਰਪਾਲ ਸਿੰਘ ਕੋਲੋਂ 10 ਕਿਲੋ ਹੈਰੋਇਨ ਬਰਾਮਦ ਕਰਨ ’ਤੇ 28 ਫਰਵਰੀ 2007 ’ਤੇ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਵਿੱਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਹੀ ਥਾਣਾ ਖਾਲੜਾ ਦੀ ਹੱਦ ਵਿੱਚ ਪੈਂਦੇ ਨਸ਼ਾ ਤਸਕਰ ਰਸ਼ਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਥਾਣਾ ਖਾਲੜਾ ਦੀ 75 ਲੱਖ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਰਸ਼ਪਾਲ ਸਿੰਘ ਕੋਲੋਂ 80,100 ਨਸ਼ੀਲੀਆਂ ਗੋਲੀਆਂ, 15,300 ਨਸ਼ੀਲੇ ਕੈਪਸੂਲ, 2000 ਨਸ਼ੀਲੇ ਟੀਕੇ ਅਤੇ 216 ਵੈਲਾ ਬਰਾਮਦ ਹੋਣ ’ਤੇ 09.03.2018 ਨੂੰ 22/61/85 ਐਨਡੀਪੀਐਸ ਐਕਟ ਥਾਣਾ ਖਾਲੜਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਤਰਨਤਾਰਨ ਪੁਲਿਸ ਵੱਲੋਂ ਹੁਣ ਤੱਕ 97 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ, ਜਿਸ ਦੀ ਕੁਲ ਕੀਮਤ 1 ਅਰਬ 25 ਕਰੋੜ 08 ਲੱਖ 03 ਹਜ਼ਾਰ 527 ਰੁਪਏ ਬਣਦੀ ਹੈ।