Teachers taking online classes will : ਪੰਜਾਬ ਵਿਚ ਹੁਣ ਆਨਲਾਈਨ ਕਲਾਸਾਂ ਲੈ ਰਹੇ ਅਧਿਆਪਕਾਂ ਦੀ ਕੋਵਿਡ-19 ਸਬੰਧੀ ਕੋਈ ਵੀ ਡਿਊਟੀ ਨਹੀਂ ਲਗਾਈ ਜਾਵੇਗੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਕੋਵਿਡ-19 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਅਧਿਆਪਕਾਂ ਦੀ ਡਿਊਟੀ ਵੱਖ-ਵੱਖ ਕੰਮਾਂ ਲਈ ਲਗਾਈਆਂ ਗਈਆਂ ਹਨ।
ਇਸ ਸਮੇਂ ਅਧਿਆਪਕਾਂ ਵੱਲੋਂ ਆਨਲਾਈਨ ਐਜੂਕੇਸ਼ਨ ਅਤੇ ਪੰਜਾਬ ਅਸੈਸਮੈਂਟ ਸਰਵੇ ਬਾਰੇ ਜ਼ੋਰ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਦੇ ਨਾਲ ਹੀ ਆਨਲਾਈਨ ਕਲਾਸਾਂ ਲਗਾ ਰਹੇ ਅਧਿਆਪਕਾਂ ਦੀਆਂ ਇਹ ਡਿਊਟੀਆਂ ਲਗਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ।
ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿਚ ਰਖਦੇ ਹੋਏ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦਫਤਰ (ਐਸ.ਸੀ.ਈ.ਆਰ.ਟੀ.) ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਸੁਝਾਅ ਦਿੰਦਿਆਂ ਕਿਹਾ ਗਿਆ ਹੈ ਕਿ ਜਦੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਸਬੰਧੀ ਡਿਊਟੀ ਲਗਾਉਣ ਲਈ ਕੋਈ ਲਿਸਟ ਮੰਗੀ ਜਾਂਦੀ ਹੈ ਤਾਂ ਆਪਣੇ ਜ਼ਿਲ੍ਹੇ ਦੇ ਵੋਕੇਸ਼ਨਲ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਵਿਚੋਂ ਡਿਊਟੀ ਲਗਾਈ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।