Terror spread in Sahnewal area : ਲੁਧਿਆਣਾ ਦੇ ਸਾਹਨੇਵਾਲ ਵਿਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਲਾਕੇ ਵਿੱਚ ਖੇਡ ਰਹੇ ਬੱਚਿਆਂ ਨੇ ਮਲਬੇ ਵਿੱਚੋਂ ਇੱਕ ਲਾਸ਼ ਦੀ ਬਾਂਹ ਦੇਖੀ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਰੌਲਾ ਪੈ ਗਿਆ ਅਤੇ ਉਥੇ ਜਮ੍ਹਾ ਹੋਏ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਤੇ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਪਛਾਣ ਮਿਟਾਉਣ ਲਈ ਉਸ ਦਾ ਚਿਹਰਾ ਕੁਚਲ ਕੇ ਮਲਬੇ ਵਿੱਚ ਉਸ ਦੀ ਲਾਸ਼ ਦਬਾ ਦਿੱਤੀ ਗਈ ਸੀ ਪਰ ਇਸ ਦੌਰਾਨ ਲਾਸ਼ ਦੀ ਬਾਂਹ ਮਲਬੇ ਤੋਂ ਬਾਹਰ ਰਹਿ ਗਈ, ਜਿਸ ਤੋਂ ਇਹ ਭੇਤ ਖੁੱਲ੍ਹ ਗਿਆ। ਪੁਲਿਸ ਲਈ ਚੁਣੌਤੀ ਹੈ ਕਿ ਪਹਿਲਾਂ ਮ੍ਰਿਤਕ ਦੇਹ ਦੀ ਪਛਾਣ ਕਰਨਾ, ਜਿਸ ਦੇ ਲਈ ਪੁਲਿਸ ਘਟਨਾ ਦੀ ਜਗ੍ਹਾ ਦੇ ਆਸ-ਪਾਸ ਦੇ ਇਲਾਕਿਆਂ ਤੋਂ ਮ੍ਰਿਤਕ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਥਾਪਰ ਫੈਕਟਰੀ ਦੀ ਸਾਲਾਂ ਤੋਂ ਬੰਦ ਜਗ੍ਹਾ ਵਿੱਚ ਕੁਝ ਬੱਚੇ ਕ੍ਰਿਕਟ ਖੇਡ ਰਹੇ ਸਨ। ਅਚਾਨਕ, ਉਸਦੀ ਗੇਂਦ ਉਸ ਫੈਕਟਰੀ ਦੇ ਖੁੱਲ੍ਹੇ ਮੈਦਾਨ ਵਿੱਚ ਚਲੀ ਗਈ। ਜਦੋਂ ਉਹ ਗੇਂਦ ਲੱਭਣ ਗਏ ਤਾਂ ਉਨ੍ਹਾਂ ਨੇ ਇੱਕ ਵਿਅਕਤੀ ਦਾ ਹੱਥ ਮਿੱਟੀ ਦੇ ਅੰਦਰੋਂ ਬਾਹਰ ਵੱਲ ਨੂੰ ਦੇਖਿਆ। ਦੁਪਹਿਰ 3 ਵਜੇ ਕਿਸੇ ਨੇ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੇ ਗਲੇ ਵਿੱਚ ਕੱਪੜਾ ਲਪੇਟਿਆ ਹੋਇਆ ਸੀ, ਜਿਸ ਤੋਂ ਲੱਗਦਾ ਹੈ ਕਿ ਉਸ ਨਾਲ ਗਲਾ ਘੋਟ ਕੇ ਉਸ ਦਾ ਕਤਲ ਕੀਤਾ ਗਿਆ ਸੀ। ਉਥੇ ਕੋਲ ਹੀ ਪੱਥਰ ਪਿਆ ਹੋਇਆ ਸੀ, ਜਿਸ ਨਾਲ ਉਸ ਦੇ ਚਿਹਰੇ ਦੀ ਪਛਾਣ ਮਿਟਾਉਣ ਲਈ ਉਸ ਨੂੰ ਕੁਚਲਿਆ ਗਿਆ ਸੀ। ਮ੍ਰਿਤਕ ਨੇ ਨੀਲੇ ਰੰਗ ਦੀ ਸ਼ਰਟ ਤੇ ਪੈਂਟ ਪਹਿਨੀ ਹੋਈ ਹੈ। ਬਲਵਿੰਦਰ ਸਿੰਘ ਨੇ ਕਿਹਾ ਕਿ ਲਾਸ਼ ਦੀ ਪਛਾਣ ਲਈ ਉਨ੍ਹਾਂ ਸਾਰੇ ਥਾਣਿਆਂ ਤੋਂ ਲਿਸਟ ਮੰਗਾਈ ਗਈ ਹੈ, ਜਿਨ੍ਹਾਂ ਵਿੱਚ ਇਸ ਉਮਰ ਦੇ ਨੌਜਵਾਨਾਂ ਦੀ ਗੁਮਸ਼ੁਦਗੀ ਦਰਜ ਕੀਤੀ ਗਈ ਹੈ। ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੁਨਾਦੀ ਤੇ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ।