Thanks Gadkari for revising : ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦੇ ਪੰਜਾਬ ਵਿਚਲੇ ਹਿੱਸੇ ਨੂੰ ਨਕੋਦਰ ਨਾਲ ਸੰਪਰਕ ਮੁਹੱਈਆ ਕਰਵਾ ਕੇ ਗਰੀਨਫੀਲਡ ਪ੍ਰਾਜੈਕਟ ਵਿੱਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜੋ ਅੱਗੇ ਪੰਜ ਇਤਿਹਾਸਕ ਕਸਬਿਆਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਤਰਨ ਤਾਰਨ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਤੱਕ ਜਾਵੇਗਾ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਨਿਤਿਨ ਗਡਰੀ ਦਾ ਇਸ ਲਈ ਧੰਨਵਾਦ ਕੀਤਾ।
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਜਿਹਾ ਹੋਣ ਨਾਲ ਅੰਮ੍ਰਿਤਸਰ ਦੇ ਵਸਨੀਕਾਂ ਦੀ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ ਅਤੇ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਤਿਆਰ ਕੀਤੀ ਗਈ ਅਸਲ ਯੋਜਨਾ ਅਨੁਸਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਕਰਤਾਰਪੁਰ ਤੇ ਅੰਮ੍ਰਿਤਸਰ ਵਿਚਾਲੇ ਇਕ ਹੋਰ ਗ੍ਰੀਨਫੀਲਡ ਹਾਈਵੇ ਤਿਆਰ ਕੀਤਾ ਜਾਵੇਗਾ ਜਿਸ ਨਾਲ ਪਵਿੱਤਰ ਸ਼ਹਿਰ ਤੇ ਦਿੱਲੀ ਵਿਚਾਲੇ ਸਿੱਧਾ ਸੰਪਰਕ ਸਥਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੇਸ਼ ਕੀਤੀ ਨਵੀਂ ਯੋਜਨਾ ਅਨੁਸਾਰ ਐਕਸਪ੍ਰੈਸ ਹੁਣ ਪੰਜ ਸਿੱਖ ਗੁਰਧਾਮਾਂ ਸੁਲਾਤਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਪਸ ਵਿਚ ਜੋੜੇਗਾ ਤੇ ਇਹ ਡੇਰਾ ਬਾਬਾ ਨਾਨਕ ਤਕ ਪੁੱਜੇਗਾ ਜਿਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਮਿਲੇਗੀ।
ਸ਼੍ਰੀਮਤੀ ਬਾਦਲ ਨੇ ਕੇਂਦਰੀ ਹਾਈਵੇ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਨਕੋਦਰ ਅਤੇ ਅੰਮ੍ਰਿਤਸਰ ਵਿਚਾਲੇ ਹਾਈਵੇ ਦਾ ਨਾਂ ਗੁਰੂ ਸਾਹਿਬਾਨਾਂ ਦੇ ਨਾਂ ‘ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਹਾਈਵੇ ਨਾਲ ਧਾਰਮਿਕ ਸੈਪ-ਸਪਾਟਾ ਵੱਡੀ ਪੱਧਰ ‘ਤੇ ਪ੍ਰਫੁਲਿਤ ਹੋਵੇਗਾ ਕਿਉਂਕਿ ਇਸ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਮਾਤਾ ਵੈਸ਼ਣੋ ਦੇਵੀ ਕਟੜਾ ਵਿਚਾਲੇ ਸਿੱਧਾ ਸੰਪਰਕ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਿੱਖ ਸਰਕਟ ਨਾਲ ਸਿੱਖ ਗੁਰੂ ਸਾਹਿਬਾਨਾਂ ਨਾਲ ਜੁੜੇ ਅਹਿਮ ਸਿੱਖ ਗੁਰਧਾਮਾਂ ਦੇ ‘ਖੁੱਲ੍ਹੇ ਦਰਸ਼ਨ ਦੀਵਾਰ’ ਹੋ ਸਕਣਗੇ ਤੇ ਅੰਮ੍ਰਿਤਸਰ ਦੇ ਅਰਥਚਾਰੇ ਨੂੰ ਵੀ ਹੁਲਾਰਾ ਮਿਲੇਗਾ।