The baby theft was done in collaboration : ਜਲੰਧਰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਤੋਂ ਬੀਤੇ ਵੀਰਵਾਰ ਅਗਵਾ ਕੀਤੇ ਗਏ ਨਵਜੰਮੇ ਬੱਚੇ ਨੂੰ ਪੁਲਿਸ ਨੇ ਬੀਤੇ ਦਿਨ ਨਕੋਦਰ ਤੋਂ ਬਰਾਮਦ ਕੀਤਾ। ਇਸ ਮਾਮਲੇ ਵਿਚ ਪੁਲਿਸ ਵੱਲੋਂ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੀ ਪਛਾਣ 22 ਸਾਲਾ ਗੁਰਪ੍ਰੀਤ ਸਿੰਘ ਗੋਪੀ ਪੰਚਾਇਤ ਮੈਂਬਰ ਤੇ ਕਾਂਗਰਸ ਪਾਰਟੀ ਨੇਤਾ ਪਿੰਡ ਮੇਹੜੂ, ਉਸ ਦਾ ਡਰਾਈਵਰ 24 ਸਾਲਾ ਗੁਰਪ੍ਰੀਤ ਸਿੰਘ ਪੀਤਾ, 25 ਸਾਲਾ ਰਣਜੀਤ ਸਿੰਘ ਰਾਣਾ, 28 ਸਾਲਾ ਦਵਿੰਦਰ ਕੌਰ ਉਰਫ ਅਮਨ ਖੁਰਸੈਦਪੁਰ ਕਾਲੋਨੀ ਨਕੋਦਰ ਅਤੇ ਲੰਬਾ ਪਿੰਡ ਦੀ 28 ਸਾਲਾ ਕਿਰਨ ਵਜੋਂ ਹੋਈ ਹੈ।
ਕਿਰਨ ਪਿਛਲੇ ਸੱਤ ਸਾਲਾਂ ਤੋਂ ਸਿਵਲ ਹਸਪਤਾਲ ਵਿਚ ਸਫਾਈ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ। ਗੈਂਗ ਦੀ ਕਿੰਗਪਿਨ ਦਵਿੰਦਰ ਕੌਰ ਐੱਗ ਡੋਨਰ ਹੈ, ਜਿਸ ਨੇ ਦੱਸਿਆ ਕਿ ਐੱਡ ਵੇਚ ਕੇ ਸਿਰਫ 2 ਹਜ਼ਾਰ ਰੁਪਏ ਮਿਲਦੇ ਸਨ। ਬੱਚਾ ਵੇਚ ਕੇ ਅਸੀਂ ਲੱਖਾਂ ਕਮਾ ਲੈਂਦੇ। ਉਸ ਨੇ ਯੋਜਨਾ ਬਣਾ ਕੇ ਕਿਰਨ ਨਾਲ ਮਿਲ ਕੇ ਗਾਇਨੀ ਵਾਰਡ ’ਚੋਂ ਬੱਚਾ ਕਿਡਨੈਪ ਕਰ ਲਿਆ। ਉਨ੍ਹਾਂ ਨੇ ਬੱਚਾ 4 ਲੱਖ ਰੁਪਏ ਵਿਚ ਬੇਔਲਾਦ ਜੋੜੇ ਨੂੰ ਵੇਚਣਾ ਸੀ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ ਹੈ।
ਦੱਸਣਯੋਗ ਹੈ ਕਿ ਕਬੀਰ ਵਿਹਾਰ ਦੀ ਖੁਸ਼ਬੂ ਨੇ ਵੀਰਾਵਾਰ ਨੂੰ ਸਿਵਲ ਹਸਪਤਾਲ ਵਿਚ ਇਕ ਮੁੰਡੇ ਨੂੰ ਜਨਮ ਦਿੱਤਾ ਸੀ। ਬੱਚੇ ਦੀ ਦਾਦੀ ਜਦੋਂ ਫਾਈਲ ਬਣਵਾਉਣ ਗਈ ਸੀ ਤੇ ਵਾਪਿਸ ਪਰਤੀ ਤਾਂ ਬੱਚਾ ਉਥੋਂ ਗਾਇਬ ਸੀ। ਸੀਪੀ ਜੀਐਸ ਭੁੱਲਰ ਨੇ ਕਿਹਾ ਕਿ ਇਸ ਸਬੰਧੀ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਕਿ ਬੱਚਾ ਕੌਣ ਲੈ ਗਿਆ। ਏਡੀਸੀਪੀ ਵਤਸਲਾ ਗੁਪਤਾ, ਏਸੀਪੀ ਹਰਸਿਮਰਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਅਤੇ ਐਸਐਚਓ ਰਛਪਾਲ ਸਿੰਘ ਦੀ ਟੀਮ ਨੇ ਮਾਮਲਾ ਟ੍ਰੇਸ ਕੀਤਾ। ਸੀਪੀ ਨੇ ਕਿਹਾ ਕਿ ਇਨਵੈਸਟੀਗੇਟਿੰਗ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ। ਬੱਚਾ ਖਰੀਦਣ ਵਾਲੀ ਪਾਰਟੀ ਦਾ ਪਤਾ ਲਗਾਇਆ ਜਾ ਰਿਹਾ ਹੈ। ਬੱਚਾ ਖਰੀਦਣ ਵਾਲੀ ਪਾਰਟੀ ਦਾ ਪਤਾ ਲਗਾਇਆ ਜਾ ਰਿਹਾ ਹੈ। ਬੱਚਾ ਨਾ ਮਾਂ ਨੇ ਠੀਕ ਤਰ੍ਹਾਂ ਦੇਖਿਆ ਸੀ ਨਾ ਹੀ ਪਰਿਵਾਰ ਨੇ ਇਸ ਲਈ ਬੱਚੇ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ।