The country cannot : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਿਹਰ 12 ਤੋਂ 3 ਵਜੇ ਤੱਕ ਦੇ ਸੜਕੀ ਜਾਮ ਦੇ ਸੱਦੇ ਤਹਿਤ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ ਤੇ ਬਾਰਡਰਾਂ ਦੇ ਦੁਆਲੇ ਬੈਰੀਕੇਡਿੰਗ ਢਿੱਲੀ ਕਰਨ, ਬਿਜਲੀ, ਪਾਣੀ, ਇੰਟਰਨੈੱਟ, ਬਾਥਰੂਮ, ਆਵਾਜਾਈ, ਸਫਾਈ ਆਦਿ ਦੀਆਂ ਸਹੂਲਤਾਂ ਬਹਾਲ ਕੀਤੇ ਜਾਣ ਦੀਆਂ ਮੰਗਾਂ ਨੂੰ ਉਭਾਰਦਿਆਂ ਕਿਹਾ ਕਿ ਸਿੰਘੂ ਬਾਰਡਰ ਕੈਂਪ ’ਤੇ ਹਮਲਾ ਕਰਨ ਵਾਲੇ ਦੰਗਈਆਂ ਉਪਰ ਸਖਤ ਧਾਰਾਵਾਂ ਲਗਾ ਕੇ ਪਰਚਾ ਦਰਜ ਕੀਤਾ ਜਾਵੇ। ਮੁਕੰਮਲ ਖੇਤੀ ਕਾਨੂੰਨ ਰੱਦ ਕਰਕੇ ਐਮ.ਐਸ.ਪੀ. ਦੀ ਸਰਕਾਰੀ ਖਰੀਦ ਵਾਲਾ ਕਾਨੂੰਨ ਲਿਆਂਦਾ ਜਾਵੇ।
ਪੰਜਾਬ ਵਿੱਚ ਅੱਜ ਗੋਲਡਨ ਗੇਟ ਅੰਮ੍ਰਿਤਸਰ, ਰਸੂਲਪੁਰ ਨਹਿਰਾ ਤਰਨਤਾਰਨ ਆਦਿ 57 ਥਾਵਾਂ ’ਤੇ ਬਹੁਤ ਵਿਸ਼ਾਲ ਸੜਕੀ ਜਾਮ ਲਗਾਏ ਗਏ। ਦਿੱਲੀ ‘ਚ ਸਿੰਘੂ ਬਾਰਡਰ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਦੇ ਲਾਗੇ ਰੋਸ ਮਾਰਚ ਕਰਕੇ ਪੁਲਸੀ ਨਾਕਿਆਂ ’ਤੇ ਜੋਰਦਾਰ ਨਾਅਰੇਬਾਜੀ ਕਰਕੇ ਰੋਸ ਜਾਹਰ ਕੀਤਾ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਨੂੰ ਆਤਮ-ਨਿਰਭਰ ਕਰਨ ਦੀ ਗੱਲ ਕਰਦੇ ਹਨ, ਪਰ ਦੇਸ਼ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਐਮ.ਐਸ.ਪੀ. ਦੀ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾ ਕੇ ਹੀ ਆਤਮ-ਨਿਰਭਰ ਹੋ ਸਕਦਾ ਹੈ। ਕਿਸਾਨਾਂ ਮਜ਼ਦੂਰਾਂ ਦੀ ਮਜਬੂਤੀ ਹੀ ਦੇਸ਼ ਦੀ ਮਜਬੂਤੀ ਹੈ। ਜਥੇਬੰਦੀ ਨੇ ਪੂਰੇ ਭਾਰਤੀਆਂ ਦਾ ਐਨਾ ਵੱਡਾ ਅੰਦੋਲਨ ਬਣਾਉਣ ਲਈ ਧੰਨਵਾਦ ਕਰਦੇ ਹੋਏ ਮੰਗ ਕੀਤੀ ਕਿ ਦਿੱਲੀ ਦੇ ਅੰਦਰ ਗ੍ਰਿਫਤਾਰ ਕੀਤੇ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਇਸ ਮੌਕੇ ਸੁਖਵਿੰਦਰ ਸਿੰਘ ਸਭਰਾ ਅਤੇ ਜਸਵੀਰ ਸਿੰਘ ਪਿੱਦੀ ਨੇ ਕਿਹਾ ਕੌਮਾਂਤਰੀ ਸਖਸ਼ੀਅਤਾਂ ਦਾ ਸਮਰਥਨ ਹਾਸਲ ਹੋਣ ਨਾਲ ਕੇਂਦਰ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ, ਇਸੇ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਥੇਬੰਦੀ ਅਜਿਹੀਆਂ ਕਾਰਵਾਈਆਂ ਦੀ ਨਿਖੇਧੀ ਕਰਦੀ ਹੈ। ਸਰਕਾਰ ਪੂਰੀ ਬੌਖਲਾਹਟ ਵਿੱਚ ਆਈ ਹੋਈ ਹੈ।