The friend called home : ਗੁਰਦਾਸਪੁਰ ਵਿਖੇ ਇਕ ਲੜਕੀ ਦੀ ਸਹੇਲੀ ਹੀ ਉਸ ਦੀ ਦੁਸ਼ਮਣ ਬਣ ਗਈ ਜਿਸ ਨੇ ਪਹਿਲਾਂ ਸਹੇਲੀ ਨੂੰ ਆਪਣੇ ਘਰ ਬੁਲਾਇਆ ਅਤੇ ਫਿਰ ਆਪਣੇ ਨਾਲ ਹਵੇਲੀ ਲਿਜਾ ਕੇ ਉਸ ਨੂੰ ਇਕ ਮੁੰਡੇ ਨਾਲ ਕਮਰੇ ਵਿਚ ਬੰਦ ਕਰ ਦਿੱਤਾ, ਜਿਥੇ ਉਸ ਨੇ ਲੜਕੀ ਨਾਲ ਬਲਾਤਕਾਰ ਕੀਤਾ। ਲੜਕੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਹਿਲਾਂ ਉਸ ਦਾ ਚੈਕਅਪ ਕਰਵਾਇਆ ਅਤੇ ਫਿਰ ਸਹੇਲੀ ਤੇ ਉਸ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਤਿੱਬੜ ਖੇਤਰ ਨਿਵਾਸੀ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੇ ਪਿੰਡ ਵਿਚ ਹੀ ਉਸ ਦੀ ਸਹੇਲੀ ਰਹਿੰਦੀ ਹੈ ਤੇ ਉਹ ਅਕਸਰ ਉਸ ਦੇ ਘਰ ਜਾਂਦੀ ਹੁੰਦੀ ਸੀ। ਇਕ ਦਿਨ ਸਹੇਲੀ ਨੇ ਉਸ ਨੂੰ ਬੁਲਾਇਆ ਤਾਂ ਉਹ ਉਸ ਦੇ ਘਰ ਚਲੀ ਗਈ। ਕੁਝ ਦੇਰ ਉਥੇ ਰਹਿਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਹਵੇਲੀ ਲੈ ਕੇ ਗਈ। ਉਥੇ ਪਹੁੰਚਦਿਆਂ ਹੀ ਉਥੇ ਖਰ੍ਹੇ ਇਕ ਨੌਜਵਾਨ ਨੇ ਉਸ ਨੂੰ ਕਮਰੇ ਅੰਦਰ ਖਿੱਚ ਲਿਆ ਤੇ ਉਸ ਦੀ ਸਹੇਲੀ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਪਹਿਲਾਂ ਅਸ਼ਲੀਲ ਹਰਕਤਾਂ ਕੀਤੀਆਂ ਤੇ ਬਾਅਦ ਵਿਚ ਉਸ ਦਾ ਮੂੰਹ ਬੰਦ ਕਰਕੇ ਉਸ ਨਾਲ ਬਲਾਤਕਾਰ ਕੀਤਾ।
ਦੱਸਣਯੋਗ ਹੈ ਕਿ ਇਹ ਘਟਨਾ ਕਈ ਦਿਨ ਪਹਿਲਾਂ ਦੀ ਹੈ ਪਰ ਇਸ ਸਬੰਧੀ ਪੁਲਿਸ ਵਿਚ ਮਾਮਲਾ ਹੁਣ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਮਹਿਲਾ ਸਬ-ਇੰਸਪੈਕਟਰ ਗੁਰਪ੍ਰੀਤ ਕੌਰ ਨੂੰ ਸੌਂਪੀ ਗਈ ਹੈ, ਜਿਸ ਨੇ ਪਹਿਲਾਂ ਲੜਕੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ, ਜਿਸ ਵਿਚ ਲੜਕੀ ਨਾਲ ਬਲਾਤਕਾਰ ਹੌਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨ ’ਤੇ ਬਲਾਤਕਾਰ ਤੇ ਲੜਕੀ ਦੀ ਸਹੇਲੀ ਖਿਲਾਫ ਦੋਸ਼ੀ ਦਾ ਸਾਥ ਦੇਣ ਦੇ ਮਾਮਲੇ ’ਚ ਅਪਰਾਧਕ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।