The importance of : ਸ੍ਰੀ ਗੁਰੂ ਹਰਗੋਬਿੰਦ ਜੀ ਦੀ ਵਿੱਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਪੀ ਗਈ। ਸ਼ਸਤਰ ਵਿੱਦਿਆ ਦਾ ਆਪ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੁੰਦੇ ਗਏ। ਜਹਾਂਗੀਰ ਸਮੇਂ ਦਾ ਹਾਕਮ ਬਣਿਆ ਅਤੇ ਉਸ ਦੇ ਹੁਕਮ ਨਾਲ ਹੀ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿਤਾ ਗਿਆ। ਲਾਹੌਰ ਜਾਣ ਤੋਂ ਪਹਿਲਾਂ ਸੰਗਤਾਂ ਦੇ ਸਾਹਮਣੇ ਗੁਰਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਪ ਦਿਤੀ ਗਈ ਕਿਉਂਕਿ ਜਾਤ-ਅਭਿਮਾਨੀ ਕਾਜ਼ੀ ਅਤੇ ਗੁਰੂ ਘਰ ਦੇ ਵੈਰੀਆਂ ਨੇ ਜਹਾਂਗੀਰ ਤੋਂ ਮਈ 1606 ਵਿੱਚ ਗੁਰੂ ਸਾਹਿਬ ਨੂੰ ਕੈਦ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ ਸੀ। ਗੁਰੂ ਹਰਗੋਬਿੰਦ ਸਹਿਬ ਉਸ ਸਮੇਂ ਕੋਈ 11 ਸਾਲ ਦੇ ਸਨ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਅਸਰ ਆਮ ਸਿੱਖਾਂ ‘ਤੇ ਬਹੁਤ ਪਿਆ ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖਾਂ ਵਿੱਚ ਸ਼ਸਤਰ ਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਹੋ ਗਿਆ।
ਗੁਰੂ ਹਰਗੋਬਿੰਦ ਜੀ, ਸਿੱਖਾਂ ਦੇ ਛੇਵੇਂ ਗੁਰੂ ਬਣੇ। ਉਨ੍ਹਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ – ਇੱਕ ਮੀਰੀ ਦੀ ਅਤੇ ਦੂਜੀ ਪੀਰੀ ਦੀ। ਮੀਰੀ ਰਾਜਸੀ ਸ਼ਕਤੀ ਦਾ ਸੂਚਕ ਹੈ ਜਦਕਿ ਪੀਰੀ ਅਧਿਆਤਮਵਾਦੀ ਰਹੱਸਵਾਦ ਦਾ ਸੂਚਕ ਹੈ। ਇਸ ਤਰ੍ਹਾਂ ਸਿੱਖ ਧਰਮ ਵਿੱਚ ਇਹ ਸਿਧਾਂਤ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ।ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ‘ਤੇ ਤੋਰਨਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜਵਾਨੀ ਅਰਪਨ ਅਤੇ ਸ਼ਸਤਰ ‘ਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ।
ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਦਿਆ ਸਿਖਾਉਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ ਅਤੇ ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਜੁਆਨ ਆਪ ਦੀ ਸ਼ਰਨ ਵਿੱਚ ਇਕੱਠੇ ਹੀ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਦੀ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰ ਕੇ ਕਈ ਮੁਸਲਮਾਨ ਵੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿੱਚ ਭਰਤੀ ਹੋ ਗਏ।
ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪ੍ਰਚਾਰ ਵਿੱਚ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਇੱਕ ਚੰਗੀ ਜਥੇਬੰਦੀ ਦੀ ਸਥਾਪਨਾ ਕੀਤੀ। ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ। 1635 ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ। ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ (ਪੁੱਤਰ ਬਾਬਾ ਗੁਰ ਦਿਤਾ ਜੀ) ਹਰਿ ਰਾਏ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।