The negligence of Bathinda Hospital : ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇੱਕ ਵਾਰ ਫਿਰ ਵੱਡਾ ਲਾਪਰਵਾਹੀ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਥੈਲੇਸੀਮੀਆ ਤੋਂ ਪੀੜਤ ਇੱਕ 11 ਸਾਲਾ ਬੱਚੇ ਨੂੰ ਐਚਆਈਵੀ ਦੀ ਇਨਫੈਕਸ਼ਨ ਵਾਲਾ ਖੂਨ ਚੜ੍ਹਾ ਦਿੱਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਅਜਿਹੀ ਤੀਜੀ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਪੀੜਤ ਪਰਿਵਾਰ ਨੇ ਸਿਵਲ ਸਰਜਨ ਨੂੰ ਸ਼ਿਕਾਇਤ ਕੀਤੀ ਹੈ ਅਤੇ ਚੀਫ਼ ਮੈਡੀਕਲ ਅਫਸਰ (ਸੀਐਮਓ) ਤੋਂ ਜਾਂਚ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਤੂਬਰ ਵਿਚ ਦੋ ਮਰੀਜ਼ਾਂ ਨੂੰ ਇਨਫੈਕਸ਼ਨ ਵਾਲਾ ਖੂਨ ਚੜ੍ਹਾਇਆ ਗਿਆ ਸੀ, ਇਸ ਮਾਮਲੇ ਵਿੱਚ ਇੱਕ ਲੈਬ ਟੈਕਨੀਸ਼ੀਅਨ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਇਸ ਸਮੇਂ ਹਿਰਾਸਤਵ ਵਿੱਚ ਹੈ ਅਤੇ ਇਸ ਤੋਂ ਇਲਾਵਾ ਖੂਨ ਸੰਚਾਰ ਅਧਿਕਾਰੀ ਅਤੇ ਇਕ ਹੋਰ ਲੈਬ ਟੈਕਨੀਸ਼ੀਅਨ ਖ਼ਿਲਾਫ਼ ਜਾਂਚ ਚੱਲ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦਾ ਇਹ ਬੱਚਾ ਜਨਮ ਤੋਂ ਹੀ ਥੈਲੇਸੀਮੀਆ ਤੋਂ ਪੀੜਤ ਹੈ। ਪਹਿਲੇ ਸਾਲ ਉਸ ਦਾ ਇਲਾਜ ਪੀ.ਜੀ.ਆਈ ਵਿੱਚ ਹੋਇਆ। ਉਸ ਤੋਂ ਬਾਅਦ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਹਰ ਪੰਦਰਾਂ ਦਿਨ ਬਾਅਦ ਪਿਛਲ਼ੇ 10 ਸਾਲਾਂ ਤੋਂ ਬਦਲਿਆ ਜਾਂਦਾ ਸੀ। 7 ਨਵੰਬਰ ਨੂੰ ਬੱਚੇ ਦੇ ਪਰਿਵਾਰਕ ਮੈਂਬਰ ਉਸਨੂੰ ਸਿਵਲ ਹਸਪਤਾਲ ਲੈ ਆਏ। ਪਰਿਵਾਰ ਅਨੁਸਾਰ ਖੂਨ ਚੜ੍ਹਾਉਣ ਸਮੇਂ ਇਕ ਬਲੱਡ ਬੈਂਕ ਦਾ ਕਰਮਚਾਰੀ ਉਥੇ ਆਇਆ ਅਤੇ ਬੱਚੇ ਦੇ ਖੂਨ ਦਾ ਸੈਂਪਲ ਲੈ ਕੇ ਗਿਆ, ਜਦਕਿ ਇਸ ਤੋਂ ਪਹਿਲਾਂ ਜਦੋਂ ਵੀ ਕੋਈ ਟੈਸਟ ਕਰਨਾ ਹੁੰਦਾ ਸੀ, ਤਾਂ ਉਨ੍ਹਾਂ ਤੋਂ ਪੁੱਛ ਕੇ ਸੈਂਪਲ ਲਿਆ ਜਾਂਦਾ ਸੀ। ਬੱਚੇ ਦੀ ਮਾਂ ਨੇ ਦੱਸਿਆ ਕਿ ਜਿਸ ਸਮੇਂ ਸੈਂਪਲ ਲਿਆ ਗਿਆ ਸੀ ਉਹ ਉਥੇ ਮੌਜੂਦ ਨਹੀਂ ਸੀ। ਪਰਿਵਾਰ ਮੁਤਾਬਕ ਬਾਅਦ ਵਿਚ ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਬਲੱਡ ਬੈਂਕ ਕਰਮਚਾਰੀ ਸੈਂਪਲ ਲੈ ਕੇ ਗਿਆ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਸੈਂਪਲ ਕਿਸ ਲਈ ਲਿਆ ਗਿਆ ਸੀ। ਹਾਲਾਂਕਿ, ਡਾਕਟਰ ਨੇ ਉਸ ਦਿਨ ਕੋਈ ਟੈਸਟ ਨਹੀਂ ਲਿਖਿਆ। ਉਸਨੇ ਦੋਸ਼ ਲਾਇਆ ਕਿ ਸਟਾਫ ਨੇ ਪੁਰਾਣੀ ਪਰਚੀ ਫਾੜ ਕੇ ਨਵੀਂ ਸਲਿੱਪ ਬਣਾ ਲਈ ਅਤੇ ਇਸ ਵਿੱਚ ਐਚਆਈਵੀ ਅਤੇ ਹੋਰ ਟੈਸਟ ਲਿਖੇ। ਇਸ ਤੋਂ ਬਾਅਦ ਬਲੱਡ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਐੱਚਆਈਵੀ ਪਾਜ਼ੀਟਿਵ ਹੈ। ਪੀੜਤ ਦੇ ਚਾਚੇ ਨੇ ਦੱਸਿਆ ਕਿ ਬੁੱਧਵਾਰ ਨੂੰ ਸਿਵਲ ਸਰਜਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਭਤੀਜੇ ਨੂੰ ਇਥੇ ਐਚਆਈਵੀ-ਸੰਕਰਮਿਤ ਖੂਨ ਦਿੱਤਾ ਗਿਆ ਹੈ।
ਐਸਐਮਓ ਡਾ. ਮਨਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡਾ. ਗੁਰਮੇਲ ਸਿੰਘ, ਡਾ. ਮਨਿੰਦਰ ਸਿੰਘ ਅਤੇ ਡਾ. ਸਤੀਸ਼ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਇਕ ਜਾਂ ਦੋ ਦਿਨਾਂ ਵਿਚ ਰਿਪੋਰਟ ਕਰੇਗਾ। ਇਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਬਲੱਡ ਟ੍ਰਾਂਸਫਿਊਜ਼ਨ ਅਧਿਕਾਰੀ ਡਾ. ਮਯੰਕ ਨੇ ਕਿਹਾ ਕਿ ਜਾਂਚ ਰਿਪੋਰਟ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ। ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਕਿਹਾ ਕਿ ਉਹ ਸਿਹਤ ਵਿਭਾਗ ਤੋਂ ਰਿਪੋਰਟ ਮੰਗਵਾਉਣਗੇ।