The uniqueness of : ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਖਾਲਸਾ ਸਾਜਨਾ ਦਿਵਸ ਨੂੰ ਕਾਂਗਰੈਸ਼ਨਲ ਰਿਕਾਰਡ ‘ਚ ਥਾਂ ਦਿੱਤੀ ਗਈ ਹੈ। ਖ਼ਾਲਸਾ ਸਾਜਨਾ ਦਿਵਸ ਪੂਰੇ ਸੰਸਾਰ ’ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। 13 ਅਪ੍ਰੈਲ 1699 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਕ ਵੱਖਰਾ ਨਿਆਰਾ ਪੰਥ ਬਣਾ ਦਿਤਾ। ਇਹ ਉਪਰਾਲਾ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਤੇ ਮੈਸਾਚਿਉਟਸ ਸਟੇਟ ਤੋਂ ਭਾਈ ਗੁਰਨਿੰਦਰ ਸਿੰਘ ਆਦਿ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ।
117ਵੇਂ ਕਾਂਗਰਸ ਦੇ ਪਹਿਲੇ ਸੈਸ਼ਨ ’ਚ 10 ਅਪ੍ਰੈਲ 2021 ਨੂੰ ਫ਼ਾਈਨਾਂਸ ਕਮੇਟੀ ਦੇ ਕਾਂਗਰਸ਼ ਮੈਨ ਚੇਅਰਮੈਨ ਰਿਚਰਡ ਈ ਨੇਲ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਕਾਂਗਰੈਸਨਲ ਰਿਕਾਰਡ ’ਚ ਦਰਜ ਕਰਵਾਇਆ। ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਅਮਰੀਕਾ ਦੇ ਕਾਂਗਰਸ ਨੁਮਾਇੰਦਿਆਂ ਨਾਲ ਕੀਤੀਆਂ ਮੀਟਿੰਗਾਂ ਨਾਲ ਹੀ ਇਹ ਸੰਭਵ ਹੋ ਸਕਿਆ ਹੈ ਦੇ ਹੁਣ ਖਾਲਸੇ ਦੇ ਨਿਆਰੇਪਣ ਨੂੰ ਪੂਰੀ ਦੁਨੀਆ ‘ਚ ਪਛਾਣ ਮਿਲ ਗਈ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।
ਰਿਚਰਡ ਈ ਨੀਲ ਚੇਅਰਮੈਨ ਕਮੇਟੀ ਆਨ ਵੇਜ ਐਂਡ ਮੀਨਜ਼ ਨਾਲ ਹੋਈ ਮੀਟਿੰਗ ’ਚ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵਲੋਂ ਵਿਸਾਖੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਾਂਗਰੈਸ਼ਨਲ ਰਿਕਾਰਡ ਵਿਚ ਖਾਲਸੇ ਦੀ ਸਾਜਨਾ ਦਿਵਸ ਨੂੰ ਸ਼ਾਮਲ ਕੀਤਾ ਜਾਣਾ ਸਿੱਖ ਕੌਮ ਲਈ ਇੱਕ ਸੁਨਿਹਰੀ ਪਲ ਹੈ। ਖਾਲਸਾ ਦਿਵਸ ਮੌਕੇ ਸਦੀਆਂ ਤੋਂ ਚੱਲੇ ਆ ਰਹੇ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵਾਂ ਤੋਂ ਪੀੜਤ ਆਮ ਵਰਗ ਨੂੰ ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਛਕਾ ਕੇ ਸਿੰਘ ਬਣਾ ਦਿੱਤਾ ਅਤੇ ਉਨ੍ਹਾਂ ਨੂੰ ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਕੀਤਾ। ਇਸ ਤਰ੍ਹਾਂ 13 ਅਪ੍ਰੈਲ, 1699 ਨੂੰ ਕੇਸਗੜ੍ਹ ਸਾਹਿਬ, ਆਨੰਦਪੁਰ ਵਿਖੇ ਦਸਵੇਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਨਾਲ ਅੱਤਿਆਚਾਰ ਨੂੰ ਸਮਾਪਤ ਕਰਕੇ ਇਤਿਹਾਸ ਵਿਚ ਨਵੀਂ ਮਿਸਾਲ ਕਾਇਮ ਕੀਤੀ ਅਤੇ ਆਪਣੇ ਸਜੇ ਹੋਏ ਪੰਜ ਪਿਆਰਿਆਂ ਹੱਥੋਂ ਖ਼ੁਦ ਖੰਡੇ ਦਾ ਪਾਹੁਲ ਛੱਕ ਕੇ ਗੁਰੂ-ਚੇਲੇ ਦੇ ਫ਼ਰਕ ਨੂੰ ਮਿਟਾ ਦਿੱਤਾ ਸੀ।