This daughter of : ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 38 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੇ ਸੱਤਵੇਂ ਦੌਰ ਵਿੱਚ ਵੀ ਸੰਪੂਰਨ ਹੱਲ ਨਹੀਂ ਲੱਭਿਆ ਗਿਆ ਸੀ,ਪਰ ਦੋ ਮੁੱਦਿਆਂ ‘ਤੇ ਸਹਿਮਤੀ ਬਣ ਗਈ ਸੀ। ਹਰ ਵਰਗ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ। ਕੋਈ ਵਿੱਤੀ ਮਦਦ ਕਰਕੇ ਉਨ੍ਹਾਂ ਦੇ ਹੱਕ ‘ਚ ਖੜ੍ਹੇ ਹੋ ਰਹੇ ਹਨ ਤੇ ਜਿਹੜੇ ਉਥੇ ਨਹੀਂ ਪਹੁੰਚ ਪਾ ਰਹੇ ਉਹ ਰੋਸ ਮੁਜ਼ਾਹਰੇ ਕਰਕੇ ਆਪਣਾ ਵਿਰੋਧ ਦਰਸਾ ਰਹੇ ਹਨ।
ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਪਿੰਡ ਰੁੜਕਾ ਕਲਾਂ ਦੀ ਬਲਜੀਤ ਕੌਰ, ਜੋ ਕਿ ਮੌਜੂਦਾ ਸਮੇਂ ਮੈਲਬੋਰਨ ‘ਚ ਰਹਿ ਰਹੀ ਹੈ ਤੇ ਅੰਤਰਰਾਸ਼ਟਰੀ ਵਿਦਿਆਰਥਣ ਹੈ, ਨੇ ਕਿਸਾਨਾਂ ਦੇ ਸਮਰਥਨ ‘ਚ ਨਾਅਰੇ ਲਿਖੇ ਅਤੇ ਖਾਸ ਤਰ੍ਹਾਂ ਦੇ ਕੱਪੜੇ ਪਾ ਕੇ ਸੇਂਟ ਕਿਲਡਾ ਨੇੜੇ 15,000 ਫੁੱਟ ਤੋਂ ਹਵਾਈ ਛਾਲ ਮਾਰ ਕੇ ਅਨੋਖੇ ਢੰਗ ਨਾਲ ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਆਪਣਾ ਵਿਰੋਧ ਪ੍ਰਗਟਾਇਆ ਹੈ। ਬਲਜੀਤ ਕੌਰ 2017 ‘ਚ ਭਾਰਤ ਤੋਂ ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਗਈ ਸੀ ਤੇ ਉਥੇ ਹੁਣ ਸੋਸ਼ਲ ਕੰਮਾਂ ‘ਚ ਡਿਗਰੀ ਦੀ ਪੜ੍ਹਾਈ ਕਰਰਹੀ ਹੈ। ਉਸ ਨੇ ਦੱਸਿਆ ਕਿ ਪੰਜਾਬ ‘ਚ ਉਸ ਦਾ ਪਰਿਵਾਰ ਵੀ ਖੇਤੀ ‘ਤੇ ਨਿਰਭਰ ਹੈ। ਬਲਜੀਤ ਕੌਰ ਨੇ ਮੋਦੀ ਸਰਕਾਰ ਦੇ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਕੇਂਦਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਕਿਸਾਨਾਂ ਦੇ ਹੱਕਾਂ ਨੂੰ ਵੇਚਣਾ ਚਾਹੁੰਦੀ ਹੈ ਜੋ ਕਿ ਸਰਾਸਰ ਗਲਤ ਹੈ। ਉਸ ਨੇ ਮੰਗ ਕੀਤੀ ਕਿ ਸਰਕਾਰ ਨੂੰ ਜਲਦ ਹੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਬਲਜੀਤ ਕੌਰ ਨੇ ਦੱਸਿਆ ਕਿ ਉਹ ਵੀ ਇਸ ਇਤਿਹਾਸਕ ਕਿਸਾਨੀ ਅੰਦੋਲਨ ‘ਚ ਆਪਣਾ ਸਹਿਯੋਗ ਪਾਉਣਾ ਚਾਹੁੰਦੀ ਸੀ। ਸਥਾਨਕ ਭਾਈਚਾਰੇ ਵਲੋਂ ਮਿਲੀ ਸਹਾਇਤਾ ਤੇ ਹੌਸਲੇ ਸਦਕਾ ਹੀ ਉਹ ਇਸ ਅਨੋਖੇ ਢੰਗ ਨਾਲ ਭਾਰਤ ਸਰਕਾਰ ਖਿਲਾਫ ਆਪਣਾ ਰੋਸ ਦਰਜ ਕਰਵਾ ਸਕੀ ਹੈ।ਉਸ ਨੇ ਹਵਾ ‘ਚ ਪ੍ਰਦਰਸ਼ਨ ਦੌਰਾਨ ਕਿਸਾਨੀ ਅੰਦੋਲਨ ਦਾ ਸਮਰਥਨ ਦੇਣ ਵਾਲੀ ਸ਼ਬਦਵਾਲੀ ਵਾਲੇ ਵਿਸ਼ੇਸ਼ ਕੱਪੜੇ ਵੀ ਪਹਿਨੇ।