To treat contaminated water in Bhulana : ਕਪੂਰਥਲਾ : ਪਵਿੱਤਰ ਵੇਈਂ ਵਿਚ ਪੈ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਤੇ ਪਾਣੀ ਦੀ ਕੁਆਲਿਟੀ ‘ਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਿੰਡ ਭੁਲਾਣਾ ਵਿਖੇ ਨੈਨੋ ਬੱਬਲ ਤਕਨਾਲੋਜੀ ਵਾਲੇ ’ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਪ੍ਰੋ: ਸਤਵਿੰਦਰ ਸਿੰਘ ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ‘ਤੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਰਾਵਲ ਦੇ ਨੇੜੇ ਪੈਂਦੇ ਭੁਲਾਣਾ ਡਰੇਨ ਵਿਚ 27 ਕਾਲੋਨੀਆਂ ਦਾ ਗੰਦਾ ਪਾਣੀ ਪੈਂਦਾ ਹੈ, ਜੋ ਹੁਸੈਨਪੁਰ ਨੇੜੇ ਪਵਿੱਤਰ ਬੇਈਂ ਵਿਚ ਤਬਦੀਲ ਹੋ ਜਾਂਦੀ ਹੈ। ਇਹ ਬਾਇਓ ਉਪਚਾਰ ਅਤੇ ਫਾਈਟੋ-ਉਪਚਾਰ ਦੇ ਸੁਮੇਲ ਨਾਲ ’ਤੇ ਆਧਾਰਤ ਇਸ ਬਹੁਤ ਹੀ ਘੱਟ ਲਾਗਤ ਵਾਲੇ ਪ੍ਰਾਜੈਕਟ ਨੂੰ ਇਥੇ ਟਰਾਇਲ ਦੇ ਆਧਾਰ ’ਤੇ ਚਲਾਇਆ ਗਿਆ ਹੈ।
ਇਸ ਮੌਕੇ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਵਾਲੇ ਆਪਣੀ ਕਿਸਮ ਦੇ ਇਸ ਪਹਿਲੇ ਪ੍ਰੋਜੈਕਟ ਲਈ ਮੈਸਰਜ਼ ਕੇ.ਬੀ.ਕੇ. ਵਾਤਵਰਣ ਇਨਫ੍ਰਾਸਟਕਚਰ ਚੰਡੀਗੜ੍ਹ ਵਲੋਂ ਨੈਨੋ ਬੱਬਲ ਜਨਰੇਟਰ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਲਈ 5 ਹਾਰਸ ਪਾਵਰ ਮੋਟਰ ਦੀ ਲੋੜ ਪੈਂਦੀ ਹੈ | ਪ੍ਰੋ: ਮਰਵਾਹਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫ਼ਲਤਾ ਤੋਂ ਬਾਅਦ ਰਾਜ ਵਿਚ ਵੱਖ-ਵੱਖ ਥਾਵਾਂ ‘ਤੇ ਵੀ ਸੀਵਰੇਜ ਟਰੀਟਮੈਂਟ ਪਲਾਂਟ ਦੇ ਮੁਕਾਬਲੇ ਗੰਧਲੇ ਪਾਣੀ ਨੂੰ ਸਾਫ਼ ਕਰਨ ਲਈ ਘੱਟ ਲਾਗਤ ਵਾਲੇ ਅਜਿਹੇ ਪ੍ਰੋਜੈਕਟ ਚਲਾਏ ਜਾਣਗੇ | ਉਨ੍ਹਾਂ ਕਿਹਾ ਕਿ ਕੌਮੀ ਗ੍ਰੀਨ ਟਿ੍ਬਿਊਨਲ ਵਲੋਂ ਰਾਜ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਲਈ ਹੁਕਮ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਗੰਧਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਇਹ ਪ੍ਰੋਜੈਕਟ ਸੀਵਰੇਜ ਟਰੀਟਮੈਂਟ ਪਲਾਂਟ ਦੀ ਥਾਂ ਬੇਹੱਦ ਕਾਰਗਰ ਸਾਬਤ ਹੋਵੇਗਾ | ਪ੍ਰੋ: ਮਰਵਾਹਾ ਨੇ ਕਿਹਾ ਕਿ ਇਸ ਤਕਨਾਲੋਜੀ ਰਾਹੀਂ ਸਾਫ਼ ਕੀਤਾ ਪਾਣੀ ਖੇਤਾਂ ਨੂੰ ਵੀ ਲਗਾਇਆ ਜਾ ਸਕਦਾ ਹੈ |
ਦੀਪਤੀ ਉੱਪਲ ਨੇ ਦੱਸਿਆ ਕਿ ਭੁਲਾਣਾ ਡਰੇਨ ਵਿਚ 27 ਰਿਹਾਇਸ਼ੀ ਕਾਲੋਨੀਆਂ ਦਾ ਗੰਦਾ ਪਾਣੀ ਪੈਂਦਾ ਹੈ ਜੋ ਅੱਗੇ ਜਾ ਕੇ ਪਵਿੱਤਰ ਵੇਈਂ ਵਿਚ ਜਾਂਦਾ ਹੈ, ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਵੇਈਂ ਵਿਚ ਪਾਣੀ ਸਾਫ਼ ਹੋ ਕੇ ਜਾਵੇਗਾ | ਇਸ ਮੌਕੇ ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ ਜਨਰਲ, ਇੰਜ: ਕਰਨੇਸ਼ ਗਰਗ ਮੈਂਬਰ ਸਕੱਤਰ ਪ੍ਰਦੂਸ਼ਣ ਕੰਟਰੋਲ ਬੋਰਡ, ਇੰਜ: ਜੀ.ਐਸ. ਮਜੀਠੀਆ ਸੀ.ਈ.ਈ. ਜਲੰਧਰ, ਇੰਜ: ਹਰਬੀਰ ਸਿੰਘ ਐਸ.ਈ.ਈ. ਜਲੰਧਰ, ਇੰਜ: ਐਸ.ਐਸ. ਮਠਾੜੂ ਤੇ ਇੰਜ: ਕੁਲਦੀਪ ਸਿੰਘ ਦੋਵੇਂ ਕਾਰਜਕਾਰੀ ਇੰਜੀਨੀਅਰ, ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸੰਨੀ ਗੋਗਨਾ, ਐਸ.ਡੀ.ਓ. ਡਰੇਨਜ਼ ਕਮਲਜੀਤ ਲਾਲ, ਜਗਜੀਤ ਸਿੰਘ ਕੋਛੜ, ਟੀ.ਆਰ. ਸ਼ਰਮਾ, ਸਤਬੀਰ ਸਿੰਘ ਚੰਦੀ, ਦਵਿੰਦਰਪਾਲ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ |