Today is the : ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹਰ ਸਾਲ 26 ਤੋਂ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ ਕੀਤਾ ਜਾਂਦਾ ਹੈ। ਕੜਾਕੇ ਦੀ ਠੰਢ ਵਿਚ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਸੰਗਤਾਂ ਇਸ ਪਵਿੱਤਰ ਧਰਤੀ ‘ਤੇ ਪਹੁੰਚ ਰਹੀਆਂ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ ਕੁਰਬਾਨੀ ਦੀ ਸਿਖਰ ਦੇਖੀ ਜਾ ਸਕਦੀ ਹੈ, ਉਥੇ ਸੱਤਾ ਦੀ ਦਰਿੰਦਗੀ ਅਤੇ ਨਿਰਦੈਤਾ ਦੀ ਵੀ ਇਹ ਸਿਖਰਲੀ ਮਿਸਾਲ ਪੇਸ਼ ਕਰਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਪੂਰੀ ਸਿੱਖ ਕੌਮ ਦੇ ਜੀਵਨ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਪੀੜ ਅਜੇ ਤੱਕ ਵੀ ਅਚੇਤ ਹੀ ਸਿੱਖਾਂ ਦੇ ਕੌਮੀ ਮਨ ਵਿਚ ਰਮੀ ਹੋਈ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਸ਼ਰਧਾਲੂਆਂ ਵਲੋਂ ਲੰਗਰ ਚਲਾਏ ਜਾ ਰਹੇ ਹਨ। ਇਸ ਦੌਰਾਨ ਸੇਵਾਦਾਰਾਂ ਨੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਹਰ ਰਾਹ ‘ਚ ਲੰਗਰ ਲਾਏ ਹੋਏ ਹਨ। ਦੱਸ ਦੇਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਿਰਸਾ ਦੇ ਕਿਨਾਰੇ ਸਾਰਾ ਦਿਨ ਘਮਾਸਾਨ ਹੋਇਆ ਅਤੇ ਫਿਰ ਚਮਕੌਰ ਸਾਹਿਬ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰਿਆਂ ‘ਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਲ 40 ਸਿੰਘ ਵੀ ਸ਼ਹੀਦ ਹੋ ਗਏ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਨ੍ਹਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਨ੍ਹਾਂ ਨੂੰ ਕਿਲੇ ਦੇ ਠੰਢੇ ਬੁਰਜ ‘ਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ।
ਮਾਤਾ ਗੁੱਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ‘ਤੇ ਰੱਖਿਆ ਗਿਆ ਅਤੇ ਇੰਨੀ ਠੰਡ ‘ਚ ਤਸ਼ੱਦਦ ਦਿੱਤੇ ਗਏ ਤੇ ਜਦੋਂ ਉਨ੍ਹਾਂ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਪਹਿਲਾਂ ਦੀਵਾਰਾਂ ਵਿਚ ਚਿਣਿਆ ਗਿਆ ਤੇ ਫਿਰ ਜਦੋਂ ਦੀਵਾਰ ਗਰਦਨਾਂ ਤੱਕ ਪਹੁੰਚੀ ਤਾਂ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੀ ਸਰਹੰਦ ਦੀ ਤਬਾਹੀ ਦਾ ਕਾਰਨ ਬਣੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਵੀ ਅਕਾਲ ਚਲਾਣਾ ਕਰ ਗਈ।