Two bike riders : ਅੰਮ੍ਰਿਤਸਰ ਵਿਖੇ ਅੱਜ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਦੋ ਹਮਲਾਵਰਾਂ ਵੱਲੋਂ ਗੈਂਗਸਟਰ ਸਿਮਰਨ ਦੇ ਗਿਰੋਹ ਦੇ ਮੈਂਬਰ ਸੰਨੀ ਉਰਫ ਗੋਰਿਲਾ ਦੇ ਭਰਾ ਮਨੀਸ਼ ਧਵਨ ਦੀ 7 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ 88 ਫੁੱਟ ਰੋਡ ‘ਤੇ ਅੱਜ ਦੁਪਹਿਰ ਵੇਲੇ ਵਾਪਰੀ। ਇਥੇ ਹੀ ਬੱਸ ਨਹੀਂ, ਹੱਤਿਆ ਕਰਨ ਤੋਂ ਬਾਅਦ ਦੋਵੇਂ ਬਾਈਕ ਸਵਾਰਾਂ ਨੇ ਮੌਕੇ ‘ਤੇ ਭੰਗੜਾ ਵੀ ਪਾਇਆ। ਉਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀਆਂ ਨੇ ਜਾਨ ਬਚਾ ਕੇ ਭੱਜ ਰਹੇ ਮਨੀਸ਼ ਧਵਨ ਉਰਫ ਮਨੀ ਦੇ ਸਿਰ ਤੇ ਪਿੱਛੇ ਸੱਤ ਗੋਲੀਆਂ ਮਾਰੀਆਂ ਤੇ ਉਹ ਸੜਕ ‘ਤੇ ਡਿੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਏ. ਡੀ. ਸੀ. ਪੀ. ਸੰਦੀਪ ਕੁਮਾਰ ਮਲਿਕ, ਏ. ਸੀ. ਪੀ. (ਕ੍ਰਾਈਮ) ਹਰਮਿੰਦਰ ਸਿੰਘ, ਏ. ਸੀ. ਪੀ. ਸਰਬਜੀਤ ਸਿੰਘ ਬਾਜਵਾ, ਸਦਰ ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਵੀਨ ਕੁਮਾਰ ਮੌਕੇ ‘ਤੇ ਪੁੱਜੇ। ਘਟਨਾ ਦੇ ਤੁਰੰਤ ਬਾਅਦ ਪੁਲਿਸ ਨੇ ਸਾਰੇ ਸ਼ਹਿਰ ‘ਚ ਨਾਕਾਬੰਦੀ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਅਜੇ ਸ਼ਹਿਰ ਦੇ ਅੰਦਰ ਹੀ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਗੋਲੀਆਂ ਚੱਲਣ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਮੌਜੂਦ ਸਾਰੇ ਲੋਕ ਆਪਣੀ ਜਾਨ ਬਚਾ ਕੇ ਭੱਜਣ ਲੱਗੇ। ਦੋਸ਼ੀਆਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਮਨੀਸ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਰਮੇਸ਼ ਕੁਮਾਰ ਅਤੇ ਵਰੁਣ ਨੇ ਦੱਸਿਆ ਕਿ ਮਨੀਸ਼ ਧਵਨ ਉਰਫ ਮਨੀ 100 ਫੁੱਟੀ ਰੋਡ ‘ਤੇ ਸਕੂਟਰ ਮੁਰੰਮਤ ਵਾਲੀ ਦੁਕਾਨ ‘ਤੇ ਕੰਮ ਕਰਦਾ ਹੈ। ਸ਼ੁੱਕਰਵਾਰ ਨੂੰ ਦੁਕਾਨ ‘ਤੇ ਕੋਈ ਕੰਮ ਨਹੀਂ ਸੀ ਤੇ ਉਹ ਬਾਹਰ ਧੁੱਪ ਸੇਕ ਰਿਹਾ ਸੀ। ਇਸੇ ਦੌਰਾਨ ਦੋ ਬਾਈਕ ਸਵਾਰ ਆਏ ਤੇ ਉਨ੍ਹਾਂ ਦੇ ਹੱਥ ‘ਚ ਪਿਸਤੌਲ ਸੀ। ਮਨੀਸ਼ ਨੇ ਉਨ੍ਹਾਂ ਦਾ ਚਿਹਰਾ ਦੇਖਿਆ ਤੇ ਭੱਜਣ ਲੱਗਾ। ਪਿਸਤੌਲ ਵਾਲੇ ਨੌਜਵਾਨਾਂ ਨੇ ਮਨੀਸ਼ ‘ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਸ ‘ਤੇ 7 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਭੰਗੜਾ ਪਾਇਆ ਤੇ ਫਰਾਰ ਹੋ ਗਏ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।