Two policemen and : ਥਾਣਾ ਫਿਲੌਰ ’ਚ ਦਰਜ ਕੀਤੀ ਐਫਆਈਆਰ ਨੰਬਰ 129 ਤਹਿਤ ਧਾਰਾ 223,224 ਆਈਪੀਸੀ ਅਧੀਨ ਏ.ਐਸ.ਆਈ. ਸੁਭਾਸ਼ ਚੰਦਰ, ਏ.ਐਸ.ਆਈ. ਜਸਵਿੰਦਰ ਸਿੰਘ, ਸਿਪਾਹੀ ਮਨਪ੍ਰੀਤ ਸਿੰਘ ਅਤੇ ਫਰਾਰ ਹੋਏ ਦੋਸ਼ੀ ਗੌਰਵ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪਲਾਹੀ (ਫਗਵਾੜਾ) ਹਾਲ ਵਾਸੀ ਮੁਹੱਲਾ ਭੰਡੇਰਾ ਫਿਲੌਰ ਵਿਰੁੱਧ ਮੁਨਸ਼ੀ ਜਗਦੀਸ਼ ਢੰਡ ਦੇ ਬਿਆਨ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 12 ਮਈ ਦੀ ਸ਼ਾਮ ਨੂੰ ਸਕੂਟਰ ’ਤੇ ਜਾ ਰਹੀ ਇਕ ਔਰਤ ਬਲਵਿੰਦਰ ਕੌਰ ਵਾਸੀ ਗੁਰਾਇਆ ਦਾ ਤਿੰਨ ਮੋਟਰ ਸਾਇਕਲ ਸਵਾਰ ਲੁਟੇਰਿਆਂ ਨੇ ਪਰਸ ਝਪਟ ਲਿਆ ਸੀ ਪਰ ਆਲੇ ਦੁਆਲੇ ਦੇ ਲੋਕਾਂ ਨੇ ਉਕਤ ਤਿੰਨੇ ਲੁਟੇਰੇ ਗੌਰਵ, ਸੰਜੂ ਅਤੇ ਹਨੀ ਵਾਸੀਆਨ ਫਿਲੌਰ ਨੂੰ ਕਾਬੂ ਕਰਕੇ ਫਿਲੌਰ ਪੁਲਿਸ ਹਵਾਲੇ ਕਰ ਦਿੱਤਾ ਸੀ ਅਤੇ ਫਿਲੌਰ ਪੁਲਿਸ ਨੇ ਉਨ੍ਹਾਂ ਤਿੰਨਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਹਿਰਾਸਤ ’ਚ ਲੈ ਲਿਆ ਸੀ। 13 ਮਈ ਨੂੰ ਉਕਤ ਤਿੰਨਾਂ ਲੁਟੇਰਿਆਂ ਨੂੰ ਅਦਾਲਤ ’ਚ ਪੇਸ਼ ਕਰਨ ਵਾਸਤੇ ਏ.ਐਸ.ਆਈ. ਸੁਭਾਸ਼ ਚੰਦਰ, ਏ.ਐਸ.ਆਈ. ਜਸਵਿੰਦਰ ਸਿੰਘ ਅਤੇ ਸਿਪਾਹੀ ਮਨਪ੍ਰੀਤ ਸਿੰਘ ਸਥਾਨਕ ਸਿਵਲ ਹਸਪਤਾਲ ਲੈ ਕੇ ਗਏ ਸਨ।
ਐਸ.ਐਚ.ਓ. ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਉਕਤ ਤਿੰਨਾਂ ਲੁਟੇਰਿਆਂ ਚੋਂ ਗੌਰਵ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਫਿਲੌਰ ਸਿਵਲ ਹਸਪਤਾਲ ’ਚ ਮੌਕਾ ਪਾ ਕੇ ਪੁਲਿਸ ਹਿਰਾਸਤ ਚੋਂ ਫਰਾਰ ਹੋ ਗਿਆ ਜਿਸ ਕਰਕੇ ਦੋਸ਼ੀ ਗੌਰਵ ਸਮੇਤ ਏ.ਐਸ.ਆਈ. ਸੁਭਾਸ਼ ਚੰਦਰ, ਏ.ਐਸ.ਆਈ. ਜਸਵਿੰਦਰ ਸਿੰਘ ਅਤੇ ਸਿਪਾਹੀ ਮਨਪ੍ਰੀਤ ਸਿੰਘ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਅਣਗਹਿਲੀ ਵਰਤੇ ਜਾਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।