Uncle and nephew : ਚੰਡੀਗੜ੍ਹ ਦੇ ਸੈਕਟਰ-27 ਡੀ ਸਥਿਤ ਸਰਾਫਾ ਵਪਾਰੀ ਦੀ ਕੋਠੀ ‘ਚ ਪਾਣੀ ਦੇ ਟੈਂਕੀ ਦੀ ਸਫਾਈ ਕਰਦੇ ਚਾਚਾ-ਭਤੀਜਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਤਿੰਦਰ ਦੇ ਵੱਡੇ ਭਰਾ ਅੰਮ੍ਰਿਤ ਦੇ ਬਿਆਨਾਂ ਦੇ ਆਧਾਰ ‘ਤੇ ਸੈਕਟਰ-26 ਥਾਣਾ ਪੁਲਿਸ ਨੇ ਕੋਠੀ ਮਾਲਕ ਰਾਮ ਅਵਤਾਰ ਖਿਲਾਫ 304-ਏ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਬਾਅਦ ‘ਚ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਜਤਿੰਦਰ (23) ਅਤੇ ਉਸ ਦੇ ਭਤੀਜੇ ਬੀਰੂ (18) ਵਜੋਂ ਹੋਈ ਹੈ।
ਸਰਾਫਾ ਵਪਾਰੀ ਰਾਮ ਅਵਤਾਰ ਨੇ ਪਾਣੀ ਦੀ ਟੈਂਕੀ ‘ਚ ਜਮ੍ਹਾ ਮਿੱਟੀ ਸਾਫ ਕਰਨ ਲਈ ਵੀਰਵਾਰ ਸਵੇਰੇ ਪਲੰਬਰ ਜੀਤੇਂਦਰ ਨੂੰ ਬੁਲਾਇਆ ਸੀ। ਜੀਤੇਂਦਰ ਆਪਣੇ ਭਤੀਜੇ ਬੀਰੂ ਨੂੰ ਵੀ ਨਾਲ ਲੈ ਆਇਆ ਤੇ ਦੋਵੇਂ ਟੈਂਕ ‘ਚ ਸਫਾਈ ਕਰਨ ਲੱਗੇ। ਦੁਪਹਿਰ ਰਾਮ ਅਵਤਾਰ ਨੇ ਦੋਵਾਂ ਨੂੰ ਟੈਂਕ ‘ਚ ਬੇਹੋਸ਼ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-26 ਥਾਣਾ ਇੰਚਾਰਜ ਨਰਿੰਦਰ ਪਟਿਆਲਾ ਟੀਮ ਨਾਲ ਮੌਕੇ ‘ਤੇ ਪੁੱਜੇ। ਇਸ ਤੋਂ ਬਾਅਦ ਦੋਵਾਂ ਨੂੰ ਟੈਂਕੀ ਤੋਂ ਬਾਹਰ ਕੱਢ ਕੇ GMCH-16 ਵਿਖੇ ਪਹੁੰਚਾਇਆ ਗਿਆ ਜਿਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੂਰਾ ਪਰਿਵਾਰ ਚਾਚੇ ਤੇ ਭਤੀਜੇ ਦੀ ਮੌਤ ਦੀ ਖਬਰ ਸੁਣਦੇ ਹੀ ਸਦਮੇ ‘ਚ ਆ ਗਏ । ਬੀਰੂ ਨੇ ਹੁਣੇ ਜਿਹੇ ਹੀ ITI ਕੋਰਸ ‘ਚ ਦਾਖਲਾ ਲਿਆ ਸੀ ਦੂਜੇ ਪਾਸੇ ਜਤਿੰਦਰ ਦਾ ਪੁੱਤਰ ਸਿਰਫ 3 ਸਾਲ ਦਾ ਹੈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਕਿ ਸਫਆਈ ਦੌਰਾਨ ਟੈਂਕ ‘ਚ ਮਿੱਟੀ ਨਲਾ ਥੋੜ੍ਹਾ ਪਾਣੀ ਰਹਿ ਗਿਆ ਸੀ। ਚਾਚਾ-ਭਤੀਜੇ ਨੇ ਦੋ ਟੈਂਕ ਤਾਂ ਸਾਫ ਕਰ ਦਿੱਤੇ ਸਨ ਪਰ ਤੀਜੇ ਟੈਂਕ ‘ਚ ਵੜੇ ਤਾਂ ਅੰਦਰ ਲੱਗੀ ਮੋਟਰ ‘ਚ ਅਚਾਨਕ ਕਰੰਟ ਆ ਗਿਆ ਜਿਸ ਕਾਰਨ ਦੋਵਾਂ ਨੇ ਦਮ ਤੋੜ ਦਿੱਤਾ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਕਿਸ ਦੀ ਲਾਪ੍ਰਵਾਹੀ ਨਾਲ ਮੋਟਰ ‘ਚ ਕਰੰਟ ਆਇਆ ਸੀ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ ਜਿਥੇ ਕੋਰੋਨਾ ਸੈਂਪਲ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਇਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।