With the sale : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ PACL ਪੰਜਾਬ ਅਲਕਲੀਜ਼ ਕੈਮੀਕਲ ਫੈਕਟਰੀ ਨੂੰ ਵੇਚ ਦਿੱਤਾ ਗਿਆ ਹੈ ਤੇ ਇਸ ਫੈਕਟਰੀ ‘ਚ ਕੰਮ ਕਰਨ ਵਾਲੇ 44 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡੈਪੂਟੇਸ਼ਨ ‘ਤੇ ਮਾਰਕਫੈੱਡ ‘ਚ ਭੇਜਣ ਲਈ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਮਾਰਕਫੈੱਡ ਵਿਭਾਗ ‘ਚ ਹਾਹਾਕਾਰ ਮਚ ਗਈ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਡੈਪੂਟੇਸ਼ਨ ਨਾਲ ਮਾਰਕਫੈੱਡ ਵਿਭਾਗ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਭਵਿੱਖ ਹਨੇਰੇ ‘ਚ ਪੈ ਸਕਦਾ ਹੈ।
ਮਾਰਕਫੈੱਡ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਕਾਫੀ ਦੇਰ ਤੋਂ ਆਪਣੀ ਤਰੱਕੀ ਦੀ ਉਡੀਕ ‘ਚ ਬੈਠੇ ਹਨ ਤੇ ਹੋਰ ਵੀ ਬਹੁਤ ਸਾਰੇ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਜਲਦ ਹੀ ਪੱਕਾ ਕਰ ਦਿੱਤਾ ਜਾਵੇਗਾ ਪਰ ਹੁਣ ਅਜਿਹਾ ਹੋਣਾ ਸੰਭਵ ਨਹੀਂ ਲੱਗ ਰਿਹਾ। ਕਰਮਚਾਰੀਆਂ ‘ਚ ਇਹ ਵੀ ਡਰ ਹੈ ਕਿ ਵਿਭਾਗ ‘ਚ ਬੇਰੋਜ਼ਗਾਰਾਂ ਨੂੰ ਭਰਤੀ ਕਰਨ ਦੇ ਸਾਰੇ ਰਾਹ ਵੀ ਬੰਦ ਹੋ ਗਏ ਹਨ ਜਦੋਂ ਕਿ ਬੇਸਿਕ ਪੇ ‘ਤੇ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਣੀ ਸੀ। ਡੈਪੂਟੇਸ਼ਨ ‘ਤੇ ਆਏ ਕਰਮਚਾਰੀ ਜੋ ਕਿ ਪਹਿਲਾਂ ਤੋਂ ਹੀ 60,000 ਰੁਪਏ ਮਹੀਨਾ ਤਨਖਾਹ ਲੈਂਦੇ ਹਨ ਉਨ੍ਹਾਂ ਦੀ ਤਨਖਾਹ ਦਾ ਵਾਧੂ ਬੋਝ ਵੀ ਮਾਰਕਫੈੱਡ ਵਿਭਾਗ ‘ਤੇ ਪਵੇਗਾ।
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਅਲਕਾਲੀਜ਼ ਕੈਮੀਕਲ ਫੈਕਟਰੀ ਨੰਗਲ ਵਿਖੇ ਬਣੀ ਹੋਈ ਹੈ ਜਿਸ ‘ਚ ਕਾਸਟਿਕ ਸੋਡਾ LYE, ਲਿਊਕਿਡ ਕਲੋਰੀਨ, ਹਾਈਡ੍ਰੋਜਨ, ਸੋਡੀਅਮ ਹਾਈਪੋਕਲੋਰਾਈਡ ਵਗੈਰਾ ਬਣਾਏ ਜਾਂਦੇ ਹਨ। ਇਹ ਫੈਕਟਰੀ 1975 ‘ਚ ਬਣਾਈ ਗਈ ਸੀ ਜਿਸ ਦੀ ਮੌਜੂਦਾ ਕੀਮਤ 135 ਕਰੋੜ ਰੁਪਏ ਦੱਸੀ ਜਾਂਦੀ ਹੈ। PACL ਦੇ ਅਧਿਕਾਰੀਆਂ ਦੀ ਡੈਪੂਟੇਸ਼ਨ ਨਾਲ ਮਾਰਕਫੈੱਡ ਦੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।