ਅੰਨਦਾਤਾ ਪੰਜਾਬ-ਹਰਿਆਣਾ ਬਾਰਡਰ ‘ਤੇ ਡਟੇ ਹੋਏ ਹਨ। ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਨੇ ਭਲਕੇ ‘WTO ਕਵਿਟ ਡੇ’ ਮਨਾਉਣ ਦਾ ਐਲਾਨ ਕੀਤਾ ਹੈ। ਕਿਸਾਨ ਸੰਗਠਨ ਨੇ ਕਿਹਾ ਕਿ ਖੇਤੀ ਨੂੰ WTO ਤੋਂ ਬਾਹਰ ਰੱਖੋ। ਨਾਲ ਹੀ ਕਿਹਾ ਕਿ ਕਿਸਾਨ ਕੱਲ੍ਹ ਨੈਸ਼ਨਲ ਤੇ ਸਟੇਟ ਹਾਈਵੇ ‘ਤੇ ਦੁਪਹਿਰ 12 ਤੋਂ 4 ਵਜੇ ਤੱਕ ਬਿਨਾਂ ਆਵਾਜਾਈ ਰੋਕੇ ਟਰੈਕਟਰ ਖੜ੍ਹੇ ਕਰਨਗੇ।
SKM ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ 26 ਤੋਂ 29 ਫਰਵਰੀ ਤੱਕ ਆਬੂਧਾਬੀ ਵਿਚ ਹੋਣ ਵਾਲੇ ਵਿਸ਼ਵ ਵਪਾਸ ਸੰਗਠਨ ਦੇ 13ਵੇਂ ਮੰਤਰੀ ਪੱਧਰ ਸੰਮੇਲਨ ਵਿਚ ਖੇਤੀ ਨੂੰ WTO ਤੋਂ ਬਾਹਰ ਰੱਖਣ ਲਈ ਵਿਕਸਿਤ ਦੇਸ਼ਾਂ ‘ਤੇ ਦਬਾਅ ਪਾਇਆ ਜਾਵੇ। ਭਾਰਤ ਦੀ ਖਾਧ ਸੁਰੱਖਿਆ ਤੇ ਮੁੱਲ ਸਮਰਥਨ ਪ੍ਰੋਗਰਾਮ WTO ਵਿਚ ਵਾਰ-ਵਾਰ ਵਿਵਾਦਾਂ ਦਾ ਵਿਸ਼ਾ ਰਿਹਾ ਹੈ। ਦਰਅਸਲ ਪ੍ਰਮੁੱਖ ਖੇਤੀਬਾੜੀ ਨਿਰਯਾਤ ਕਰਨ ਵਾਲੇ ਦੇਸ਼ਾਂ ਨੇ 2034 ਦੇ ਅੰਤ ਤੱਕ ਖੇਤੀ ਨੂੰ ਸਮਰਥਨ ਦੇਣ ਲਈ ਵਿਸ਼ਵ ਵਪਾਰ ਸੰਗਠਨ ਦੇ ਮੈਂਬਰਾਂ ਦੇ ਅਧਿਕਾਰਾਂ ਵਿੱਚ ਵਿਸ਼ਵ ਪੱਧਰ ‘ਤੇ 50% ਦੀ ਕਟੌਤੀ ਦਾ ਪ੍ਰਸਤਾਵ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਦੇ ਸਥਾਈ ਹੱਲ ਲਈ ਸਮੂਹਿਕ ਤੌਰ ‘ਤੇ ਲੜਨ ਲਈ ਘੱਟ ਵਿਕਸਿਤ ਦੇਸ਼ਾਂ ਤੋਂ ਸਮਰਥਨ ਜੁਟਾਉਣਾ ਚਾਹੀਦਾ ਹੈ ਤਾਂ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਨਾ ਸਿਰਫ ਆਪਣੇ ਮੌਜੂਦਾ ਪ੍ਰੋਗਰਾਮਾਂ ਨੂੰ ਬਣਾਏ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਸਗੋਂ ਵੱਡੇ ਪੱਧਰ ‘ਤੇ ਆਪਣੇ ਕਿਸਾਨਾਂ ਤੇ ਲੋਕਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ। SKM ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ 26 ਫਰਵਰੀ ਨੂੰ WTO ਕਵਿਟ ਡੇ ਵਜੋਂ ਮਨਾਉਣਗੇ ਤੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਨੈਸ਼ਨਲ ਤੇ ਸਟੇਟ ਹਾਈਵੇ ‘ਤੇ ਬਿਨਾਂ ਆਵਾਜਾਈ ਰੋਕੇ ਟਰੈਕਟਰ ਖੜ੍ਹੇ ਕਰਨਗੇ।