2 wheeler noise pollution banned: ਕਪੂਰਥਲਾ: ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਕੋਈ ਵੀ ਦੋਪਹੀਆ ਵਾਹਨ ਚਾਲਕ ਸਾਈਲੈਂਸਰ ਕੱਢ ਕੇ ਅਤੇ ਵਰਜਿਤ ਵੱਡੇ ਹਾਰਨ ਲਗਾ ਕੇ ਜਾਂ ਕੋਈ ਯੰਤਰ ਲਗਾ ਕੇ ਭਾਰੀ ਧਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਆਵਾਜ਼ ਨਹੀਂ ਕਰੇਗਾ। ਇਹ ਹੁਕਮ 26 ਜੁਲਾਈ 2020 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਦੋਪਹੀਆ ਵਾਹਨ ਚਾਲਕਾਂ ਵੱਲੋਂ ਬੁਲੇਟ ਮੋਟਰ ਸਾਈਕਲ ’ਤੇ ਵੱਡੇ ਸਾਈਲੈਂਸਰ, ਬੈਂਡ ਅਤੇ ਵੱਡੇ ਹਾਰਨ ਲਗਾਏ ਜਾਂਦੇ ਹਨ, ਜੋ ਕਿ ਭਾਰੀ ਧਮਾਕੇਦਾਰ ਆਵਾਜ਼ ਕੱਢਦੇ ਹਨ। ਇਸ ਨਾਲ ਰਾਹਗੀਰਾਂ, ਸ਼ਹਿਰ ਵਾਸੀਆਂ, ਜਿਨਾਂ ਵਿਚ ਬਜ਼ੁਰਗ ਤੇ ਬੱਚੇ ਵੀ ਸ਼ਾਮਿਲ ਹਨ, ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਿਸੇ ਸਮੇਂ ਵੀ ਦੁਰਘਟਨਾ ਹੋਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ। ਇਸ ਲਈ ਇਸ ’ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ।