4 masked robbers : ਅੰਮ੍ਰਿਤਸਰ : ਭਾਈ ਮੰਝ ਸਿੰਘ ਰੋਡ ‘ਤੇ ਸਥਿਤ ਮਾਤਾ ਗੰਗਾ ਜੀ ਨਗਰ ‘ਚ ਚਾਰ ਨਕਾਬਪੋਸ਼ ਲੁਟੇਰਿਆਂ ਨੇ ਇੱਕ ਘਰ ‘ਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਦੇ ਘਰ ‘ਚ ਵੜਦੇ ਹੀ 11 ਸਾਲ ਦੀ ਬੱਚੀ ਮੋਬਾਈਲ ਲੈ ਕੇ ਬਾਥਰੂਮ ‘ਚ ਲੁਕ ਗਈ। ਉਸ ਨੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਘਰ ਦੇ ਬਾਹਰ ਜਦੋਂ ਗੁਆਂਢੀ ਇੱਕਠੇ ਹੋਏ ਤਾਂ ਲੁਟੇਰੇ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਇਸ ਦੌਰਾਨ ਅਰਸ਼ਪ੍ਰੀਤ ਸਿੰਘ ਨਾਂ ਦਾ ਇੱਕ ਨੌਜਵਾਨ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਲੁਟੇਰੇ ਘਰ ਤੋਂ 40,000 ਰੁਪਏ ਨਕਦੀ ਚਾਰ ਮੋਬਾਈਲ ਲੁੱਟ ਕੇ ਫਰਾਰ ਹੋ ਗਏ।
ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਏ. ਡੀ. ਸੀ. ਪੀ. ਸਰਤਾਜ ਸਿੰਘ ਚਾਹਲ, ਏ. ਸੀ. ਪੀ. ਮੰਗਲ ਸਿੰਘ ਤੇ ਥਾਣਾ ਇੰਚਾਰਜ ਪ੍ਰਨੀਤ ਢਿੱਲੋਂ ਨੇ ਖੇਤਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਦੋਸ਼ੀ ਭੱਜੇ ਹੋਏ ਦਿਖਾਈ ਦਿੱਤੇ। ਪੁਲਿਸ ਨੇ ਫੁਟੇਜ ਕਬਜ਼ੇ ‘ਚ ਲੈ ਕੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਹੈ। ਵੀਰਵਾਰ ਸਵੇਰੇ ਘਰ ‘ਚ ਹੀ ਉਨ੍ਹਾਂ ਦੀ ਮਾਂ ਹਰਭਜਨ ਕੌਰ, ਪਤਨੀ ਤੇ ਬੇਟੀ ਦਮਨਪ੍ਰੀਤ ਕੌਰ ਮੌਜੂਦ ਸਨ। ਇਸ ਦੌਰਾਨ ਚਾਰ ਨਕਾਬਪੋਸ਼ ਨੌਜਵਾਨ ਉਨ੍ਹਾਂ ਦੀ ਦੁਕਾਨ ਦੇ ਰਸਤੇ ਘਰ ‘ਚ ਦਾਖਲ ਹੋਏ। ਲੁਟੇਰਿਆਂ ਦੇ ਹੱਥ ‘ਚ ਪਿਸਤੌਲ ਤੇ ਦਾਤਰ ਸੀ। ਇੱਕ ਲੁਟੇਰੇ ਨੇ ਘਰ ਦੇ ਅੰਦਰ ਵੜਦੇ ਹੀ ਅਲਮਾਰੀਆਂ ਦੀਆਂ ਚਾਬੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਨਾਲ ਮਾਰਕੁੱਟ ਕਰਨੀ ਸ਼ਰੂ ਕਰ ਦਿੱਤੀ। ਉਨ੍ਹਾਂ ਨੇ ਡਰ ਦੇ ਮਾਰੇ ਅਲਮਾਰੀ ਦੀਆਂ ਚਾਬੀਆਂ ਲੁਟੇਰਿਆਂ ਨੂੰ ਦੇ ਦਿੱਤੀਆਂ।
ਦੇਖਦੇ ਹੀ ਦੇਖਦੇ ਲੁਟੇਰਿਆਂ ਨੇ ਅਲਮਾਰੀ ਤੋਂ 40,000 ਰੁਪਏ ਤੇ ਚਾਰ ਮੋਬਾਈਲ ਆਪਣੇ ਕਬਜ਼ੇ ‘ਚ ਲੈ ਲਏ। ਇਸ ਦੌਰਾਨ ਉਨ੍ਹਾਂ ਦੀ 11 ਸਾਲ ਦੀ ਕੁੜੀ ਨੇ ਕਿਸੇ ਤਰ੍ਹਾਂ ਲੁਟੇਰਿਆਂ ਤੋਂ ਬਚਦੀ ਹੋਈ ਮੋਬਾਈਲ ਲੈ ਕੇ ਬਾਥਰੂਮ ‘ਚ ਚਲੀ ਗਈ ਤੇ ਉਥੋਂ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਪੂਰੀ ਜਾਣਕਾਰੀ ਦਿੱਤੀ। ਏ. ਸੀ. ਪੀ. ਮੰਗਲ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਤੋਂ ਕਈ ਅਹਿਮ ਸਰੁਾਗ ਮਿਲੇ ਹਨ, ਲੁਟੇਰੇ ਪੀੜਤ ਪਰਿਵਾਰ ਦੇ ਜਾਣਕਾਰ ਸਨ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।