4 new cases of : ਚੰਡੀਗੜ੍ਹ ਸ਼ਹਿਰ ਵਿਚ ਚਾਰ ਹੋਰ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆ ਗਏ ਹਨ। ਇਨ੍ਹਾਂ ਕੇਸਾਂ ਵਿਚ ਤਿੰਨ ਮਹਿਲਾਵਾਂ ਤੇ ਇਕ ਪੁਰਸ਼ ਸ਼ਾਮਲ ਹੈ। ਮਹਿਲਾਵਾਂ ਵਿਚ 48 ਸਾਲਾ ਮਹਿਲਾ ਮੌਲੀ ਜਾਗਰਣ ਤੋਂ ਹੈ ਜੋ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ ਸੈਕਟਰ 16 ‘ਚ ਦਾਖਲ ਹੈ, 29 ਸਾਲਾ ਮਹਿਲਾ ਸੈਕਟਰ 38 ਸੀ ਤੋਂ ਹੈ ਜੋ ਪੀ ਜੀ ਆਈ ਦਾਖਲ ਹੈ, 26 ਸਾਲਾ ਮਹਿਲਾ ਸੈਕਟਰ 38 ਪੱਛਮੀ ਤੋਂ ਹੈ ਜੋ ਪੀ ਜੀ ਆਈ ਦਾਖਲ ਹੈ ਅਤੇ 27 ਸਾਲਾ ਨੌਜਵਾਨਾ ਸੈਕਟਰ 29 ਤੋਂ ਹੈ ਤੇ ਇਹ ਵੀ ਪੀ ਜੀ ਆਈ ਵਿਚ ਦਾਖਲ ਹੈ।
ਚੰਡੀਗੜ੍ਹ ਵਿਖੇ ਵਧਦੇ ਕੋਰੋਨਾ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੀ. ਪੀ. ਸਿੰਘ ਬਦਨੌਰ ਵਲੋਂ ਮੀਟਿੰਗ ਸੱਦੀ ਗਈ, ਜਿਸ ਵਿਚ ਵਧਦੇ ਕੋਰੋਨਾ ਕੇਸਾਂ ‘ਤੇ ਚਿੰਤਾ ਪ੍ਰਗਟਾਈ ਗਈ ਤੇ ਨਾਲ ਹੀ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਵਿਅਕਤੀ ਜਿਹੜਾ ਬਾਹਰਲੇ ਸੂਬੇ ਤੋਂ ਆਉਂਦਾ ਹੈ ਉਸ ਨੂੰ 14 ਦਿਨਾਂ ਲਈ ਘਰ ਵਿਚ ਹੀ ਕੁਆਰੰਟਾਈਨ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਹੁਕਮ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਵੇਗਾ ਜਿਹੜੇ ਚੰਡੀਗੜ੍ਹ ਵਿਚ 72 ਘੰਟੇ ਤੋਂ ਘੱਟ ਦਾ ਸਮਾਂ ਗੁਜ਼ਾਰਦੇ ਹਨ। ਪ੍ਰਸ਼ਾਸਨ ਵਲੋਂ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਰੋਨਾ ਦੇ ਵਧਦੇ ਕੇਸਾਂ ਨੂੰ ਕੁਝ ਹੱਦ ਤਕ ਕੰਟਰੋਲ ਕੀਤਾ ਜਾ ਸਕੇ।
ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 414 ਹੋ ਗਈ ਹੈ ਤੇ ਫਿਲਹਾਲ ਇਥੇ ਐਕਟਿਵ ਕੇਸ 86 ਹਨ। ਇਸੇ ਤਰ੍ਹਾਂ ਮੋਹਾਲੀ ਤੋਂ ਰਾਹਤ ਭਰੀ ਖਬਰ ਹੈ ਕਿ ਉਥੇ 17 ਕੋਰੋਨਾ ਮਰੀਜ਼ਾਂ ਨੂੰ ਤੰਦਰੁਸਤ ਹੋਣ ਮਗਰੋਂ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਹੁਣ ਤੱਕ ਮੋਹਾਲੀ ਵਿਚ 168 ਜਣੇ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ ਜਦਕਿ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 222 ਕੇਸ ਕੋਰੋਨਾ ਪਾਜ਼ੀਟਿਵ ਆਏ ਸਨ ਜਿਸ ਵਿਚੋਂ 51 ਕੇਸ ਐਕਟਿਵ ਹਨ।