Accuses in-laws of strangling : ਐਤਵਾਰ ਨੂੰ ਨਵਾਂਸ਼ਹਿਰ ਵਿਚ 24 ਸਾਲਾ ਨਵਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਨੇ ਉਸ ਦੀ ਹੱਤਿਆ ਕੀਤੀ ਹੈ। ਗਲੇ ’ਤੇ ਰੱਸੀ ਦੇ ਨਿਸ਼ਾਨ ਵੀ ਹਨ। ਮ੍ਰਿਤਕ ਦਾ ਪਤੀ ਪੁਲਿਸ ਵਿਚ ਹੈ। ਸੂਚਨਾ ਮਿਲਣ ’ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕਾ ਦਾ ਪਤੀ ਪੁਲਿਸ ਕਰਮਚਾਰੀ ਸਮੇਤ ਸਹੁਰੇ ਵਾਲੇ ਮੌਕੇ ਤੋਂ ਫਰਾਰ ਹਨ ਤੇ ਪੁਲਿਸ ਉਸ ਦ ਭਾਲ ’ਚ ਲੱਗੀ ਹੋਈ ਹੈ।
ਮ੍ਰਿਤਕਾ ਦੀ ਪਛਾਣ ਪਿੰਡ ਮਝੋਟ ਦੀ 24 ਸਾਲਾ ਨੇਹਾ ਪਤਨੀ ਹਿੰਮਤ ਕੁਮਾਰ ਦੇ ਰੂਪ ਵਚ ਹੋਈ ਹੈ। ਲੜਕੀ ਦੇ ਪਿਤਾ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇਹਾ ਦਾ ਵਿਆਹ 9 ਫਰਵਰੀ 2019 ਨੂੰ ਹੋਇਆ ਸੀ। ਲੜਕੀ ਐੱਮ. ਏ. ਦੀ ਪੜ੍ਹਾਈ ਕਰ ਰਹੀ ਸੀ ਤੇ ਉਨ੍ਹਾਂ ਦਾ ਜਵਾਈ ਲੁਧਿਆਣਾ ਵਿਖੇ ਪੀਏਪੀ ਵਿਚ ਕੰਮ ਕਰਦਾ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਅੱਜ ਲਗਭਗ 3 ਵਜੇ ਉਨ੍ਹਾਂ ਨੂੰ ਫੋਨ ’ਤੇ ਲੜਕੀ ਬਾਰੇ ਦੱਸਿਆ ਗਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਕੁੜੀ ਨੂੰ ਦਾਜ ਲਈ ਕਾਫੀ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਕੋਲੋਂ ਕਾਰ ਦੀ ਮੰਗ ਕੀਤੀ ਗਈ ਸੀ ਜੋ ਉਨ੍ਹਾਂ ਨੇ ਪੂਰੀ ਕਰ ਦਿੱਤੀ ਪਰ ਬਾਵਜੂਦ ਇਸ ਦੇ ਨੇਹਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਸੱਸ ਦਰਸ਼ਨ, ਸਹੁਰਾ ਸਰਵਨ ਦਾਸ, ਨਨਾਣ ਰੱਜੀ ਅਤੇ ਰਿੰਪੀ ਨੇਹਾ ਨੂੰ ਕਾਫੀ ਪ੍ਰੇਸ਼ਾਨ ਕਰਦੇ ਸਨ।
ਨੇਹਾ ਦੇ ਪਿਤਾ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਹੀ ਨੇਹਾ ਨੂੰ ਮਿਲ ਕੇ ਆਏ ਸਨ। ਉਹ ਕਾਫੀ ਨਿਰਾਸ਼ ਲੱਗ ਰਹੀ ਸੀ। ਐਤਵਾਰ ਸਵੇਰੇ ਵੀ 9 ਵਜੇ ਉਨ੍ਹਾਂ ਦੀ ਫੋਨ ’ਤੇ ਨੇਹਾ ਨਾਲ ਗੱਲ ਹੋਈ ਸੀ ਪਰ ਕੁਝ ਘੰਟੇ ਬਾਅਦ ਹੀ ਉਨ੍ਹਾਂ ਨੂੰ ਨੇਹਾ ਦੀ ਮੌਤ ਦੀ ਖਬਰ ਮਿਲੀ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਫੋਨ ਆਉਣ ਤੋਂ ਬਾਅਦ ਉਹ ਆਪਣੇ ਬੇਟੇ ਤੇ ਭਤੀਜੇ ਨਾਲ ਮਝੋਟ ਪਹੁੰਚੇ ਤਾਂ ਨੇਹਾ ਦੀ ਲਾਸ਼ ਬੈੱਡ ’ਤੇ ਪਈ ਸੀ ਤੇ ਉਸ ਦੇ ਗਲੇ ’ਤੇ ਰੱਸੀ ਦੇ ਨਿਸ਼ਾਨ ਸਨ। ਥਾਣਾ ਸਦਰ ਬਲਾਚੌਰ ਦੇ ਇੰਚਾਰਜ ਭਾਰਤ ਮਸੀਹ ਨੇ ਦੱਸਿਆ ਕਿ ਪਿਤਾ ਸੁਰੇਸ਼ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਨੇਹਾ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਸਹੁਰੇ ਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।