ਜਲੰਧਰ : ਕਿਸਾਨਾਂ ਟਿੱਡੀ-ਦਲ ਬਾਰੇ ਜਾਗਰੂਕ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਲੰਧਰ-ਪਠਾਨਕੋਟ ਰੋਡ ’ਤੇ ਸਥਿਤ ਕਿਸ਼ਨਗੜ੍ਹ ਵਿਖੇ ਮੌਕ ਡਰਿੱਲ ਕਰਵਾਈ ਗਈ। ਮੌਕ ਡਰਿੱਲ ਲਈ ਮਾਹਿਰਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨਾਂ ਵਲੋਂ ਕਿਸਾਨਾਂ ਨੂੰ ਇਸ ਹਾਨੀਕਾਰਕ ਕੀੜੇ ਬਾਰੇ ਅਤੇ ਇਸ ਦਾ ਫ਼ਸਲਾਂ ’ਤੇ ਪੈਂਦੇ ਪ੍ਰਭਾਵ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜੇਕਰ ਉਹ ਕੋਈ ਸਵਾਰਮ ਦੇਖਦੇ ਹਨ ਤਾਂ ਇਸ ਸਬੰਧੀ ਤੁਰੰਤ ਜ਼ਿਲ੍ਹਾ ਪਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿਘ ਦੀ ਅਗਵਾਈ ਵਿੱਚ ਟੀਮਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਹ ਕੀੜੇ ਝੂੰਡ ਵਿੱਚ ਉਡੱਦੇ ਹਨ ਅਤੇ ਅਨੁਕੂਲ ਹਲਾਤਾਂ ਵਿੱਚ 80 ਤੋਂ 200 ਕਿਲੋਮੀਟਰ ਦਾ ਸਫ਼ਰ ਕਰ ਲੈਂਦੇ ਹਨ। ਡਾ.ਸੁਰਿੰਦਰ ਸਿਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋੜੀਂਦੀ ਮਾਤਰਾ ਵਿੱਚ ਕੀਟਨਾਸ਼ਕ ਜਿਵੇਂ ਕਲੋਰੋਪਾਈਰੀਫੋਾਜ ਅਤੇ ਲੰਬੜਾ ਆਦਿ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਵਿਭਾਗਾਂ ਜਿਨਾਂ ਵਿੱਚ ਬਾਗ਼ਬਾਨੀ, ਭੂਮੀ ਰੱਖਿਆ ਅਤੇ ਜਲ ਸੰਭਾਲ , ਪੇਂਡੂ ਵਿਕਾਸ ਅਤੇ ਖੇਤੀਬਾੜੀ ਵਿਭਾਗ ਦੀਆਂ ਬਲਾਕ ਪੱਧਰੀ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਤਾਂ ਜੋ ਪਿੰਡਾਂ ਵਿੱਚ ਕੀੜਿਆਂ ਦੇ ਕਾਬੂ ਪਾਉਣ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ। ਖੇਤੀਬਾੜੀ ਯੂਨੀਵਰਸਿਟੀ ਤੋਂ ਜੀਵ ਵਿਗਿਆਨ ਮਾਹਿਰ ਡਾ.ਸੰਜੀਵ ਕਟਾਰੀਆ ਨੇ ਦੱਸਿਅ ਕਿ ਕੀੜਿਆਂ ਦਾ ਝੁੰਡ ਸ਼ਾਮ ਦੇ ਵਕਤ ਦਰਖਤਾਂ ਦੇ ਉਪਰ ਉਚੀ ਜਗ੍ਹਾ ’ਤੇ ਬੈਠਦਾ ਹੈ ਅਤੇ ਇਸ ਸਮੇਂ ਦੌਰਾਨ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ। ਡਾ.ਕਟਾਰੀਆ ਨੇ ਕਿਹਾ ਕਿ ਮਾਦਾ ਕੀੜਿਆਂ ਵਲੋਂ ਧਰਤੀ ਦੀ ਸਤਾ ਦੇ ਹੇਠਾਂ ਅੰਡੇ ਦਿੱਤੇ ਜਾਂਦੇ ਹਨ ਅਤੇ ਕੁਝ ਘੰਟਿਆਂ ਵਿੱਚ ਹੀ ਸਾਰੀ ਬਨਸਪਤੀ ਨੂੰ ਖਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਹਾਲ ਦੀ ਘੜੀ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਪਰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।ਖੇਤੀਬਾੜੀ ਅਫ਼ਸਰ ਡਾ.ਅਰੁਣ ਕੋਹਲੀ ਨੇ ਦੱਸਿਆ ਕਿ ਪਿੰਡਾਂ ਵਿੱਚ ਸਮਾਜ ਸੇਵੀ ਅਤੇ ਯੂਥ ਕਲੱਬਾਂ ਦੀਆਂ ਟੀਮਾਂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਟਿੱਡੀ ਦਲ ਵਲੋਂ ਹਮਲੇ ਦੀ ਸੂਚਨਾ ਮਿਲਣ ’ਤੇ ਤੁਰੰਤ ਦਵਾਈ ਦਾ ਛਿੜਕਾਅ ਕੀਤਾ ਜਾ ਸਕੇ।