Amritsar Jora gate accident : ਅੰਮ੍ਰਿਤਸਰ ਵਿਚ ਦੋ ਸਾਲ ਪਹਿਲਾਂ ਦੁਸਹਿਰੇ ਮੌਕੇ ਵਾਪਰੇ ਹਾਦਸੇ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਤਾਜ਼ਾ ਹਨ ਜਿਥੇ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਨੂੰ ਸਾੜ੍ਹਣ ਵੇਲੇ ਉਸ ਸਮੇਂ ਪੱਟੜੀ ’ਤੇ ਖੜ੍ਹੇ ਦੁਸਹਿਰਾ ਦੇਖਣ ਆਏ ਲੋਕ ਜੋੜਾ ਫਾਟਕ ਤੋਂ ਅਚਨਚੇਤ ਲੰਘੀ ਰੇਲ ਗੱਡੀ ਦੀ ਲਪੇਟ ਵਿਚ ਆ ਗਏ ਸਨ। ਇਸ ਮਾਮਲੇ ਵਿਚ ਹੁਣ ਸਥਾਨਕ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਮਿੱਠੂ ਮਦਾਨ ਸਣੇ ਦੁਸਹਿਰਾ ਕਮੇਟੀ ਦੇ 7 ਪ੍ਰਬੰਧਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਰੇਲਵੇ ਵਿਭਾਗ ਵੱਲੋਂ ਇਨ੍ਹਾਂ ਦੇ ਚਾਲਾਨ ਕੋਰਟ ਵਿੱਚ ਪੇਸ਼ ਕਰ ਦਿੱਤੇ ਹਨ ਤੇ ਅਦਾਲਤ ਨੇ 30 ਜੁਲਾਈ ਨੂੰ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਲਈ ਸੰਮਨ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ GRP ਵੱਲੋਂ ਜਾਰੀ ਜਾਂਚ ਰਿਪੋਰਟ ਵਿਚ ਦੁਸਹਿਰਾ ਕਮੇਟੀ ਦੇ ਪ੍ਰਧਾਨ ਤੇ ਕਾਂਗਰਸੀ ਨੇਤਾ ਸੌਰਵ ਮਦਾਨ ਉਰਫ ਮਿੱਠੂ ਮਦਾਨ, ਕਮੇਟੀ ਦੇ ਜਨਰਲ ਸਕੱਤਰ ਰਾਹੁਲ ਕਲਿਆਣ, ਕੈਸ਼ੀਅਰ ਦੀਪਕ ਕੁਮਾਰ, ਸਕੱਤਰ ਕਰਣ ਭੰਡਾਰੀ, ਸਕੱਤਰ ਕਾਬਲ ਸਿੰਘ, ਪ੍ਰੈੱਸ ਸਕੱਤਰ ਦੀਪਕ ਗੁਪਤਾ ਅਤੇ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਨੂੰ ਦੋਸ਼ੀ ਠਹਿਰਾਇਆ ਹੈ। ਜੋੜਾ ਫਾਟਕ ਤੇ ਵਾਪਰੇ ਹਾਦਸੇ ਵਿਚ ਵਿਚ ਜੀਆਰਪੀ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ, ਜਿਸ ਦੀ ਜਾਂਚ ਵਿਚ ਜਲੰਧਰ ਡਵੀਜ਼ਨ ਦੇ ਮੈਜਿਸਟ੍ਰੇਟ ਬੀ. ਪੁਰੂਸ਼ਾਰਥ ਨੇ ਆਪਣੀ ਰਿਪੋਰਟ ਵਿਚ 23 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ 19 ਅਕਤੂਬਰ 2018 ਨੂੰ ਦੁਸਹਿਰੇ ਵਾਲੇ ਦਿਨ ਸ਼ਾਮ ਦੇ ਲਗਭਗ 6.30 ਵਜੇ ਜੋੜਾ ਫਾਟਕ ਕੋਲ ਧੋਬੀਘਾਟ ’ਤੇ ਰਾਵਣ ਦਾ ਪੁਤਲਾ ਸਾੜ੍ਹਣ ਮੌਕੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ ਅਤੇ ਕੁਝ ਲੋਕ ਹਰ ਸਾਲ ਦੀ ਤਰ੍ਹਾਂ ਫਾਟਕ ਦੀ ਰੇਲ ਪਟੜੀ ’ਤੇ ਖੜ੍ਹੇ ਹੋ ਕੇ ਇਹ ਪ੍ਰੋਗਰਾਮ ਦੇਖ ਰਹੇ ਸਨ। ਇਸ ਮੌਕੇ ਡਾਕਟਰ ਨਵਜੋਤ ਕੌਰ ਸਿੱਧੂ ਮੰਚ ‘ਤੇ ਮੌਜੂਦ ਸਨ। ਇਸੇ ਦੌਰਾਨ ਅਚਾਨਕ ਰੇਲ ਪਟੜੀ ਤੋਂ ਲੰਘੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਲਗਭਗ 58 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ 70 ਤੋਂ ਵੱਧ ਜ਼ਖਮੀ ਹੋਏ ਸਨ।