Anti-national activities : ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੁਲਿਸ ਫੋਰਸ ਭਾਵੇਂ ਕੋਵਿਡ ਦੀਆਂ ਡਿਊਟੀਆਂ ਵਿੱਚ ਕਿੰਨੀ ਵੀ ਰੁੱਝੀ ਕਿਉਂ ਨਾ ਹੋਵੇ, ਸਰਹੱਦ ’ਤੇ ਪੂਰੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਅੱਜ ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਨਸ਼ਾ ਅੱਤਵਾਦ ਫੈਲਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਦ੍ਰਿੜ੍ਹਤਾ ਜ਼ਾਹਰ ਕਰਦਿਆਂ ਆਖਿਆ ਕਿ ਕੋਵਿਡ ਦੇ ਸੰਕਟ ਦਰਮਿਆਨ ਵੀ ਪੰਜਾਬ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਅਤੇ ਸਰਹੱਦ ਪਾਰ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਵਾਲੀ ਪੁਲਿਸ ਫੋਰਸ ਨੂੰ ਵਧਾਈ ਦਿੱਤੀ ਜਿਨਾਂ ਨੇ ਤਾਜ਼ਾ ਗ੍ਰਿਫਤਾਰੀਆਂ ਦੇ ਨਾਲ-ਨਾਲ ਹਿਜ਼ਬੁਲ ਮੁਜਾਹੀਦੀਨ ਖਿਲਾਫ਼ ਜੰਮੂ ਕਸ਼ਮੀਰ ਵੱਲੋਂ ਚਲਾਏ ਆਪ੍ਰੇਸ਼ਨਾਂ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਹਿਲਾਲ ਦੀ ਗ੍ਰਿਫਤਾਰੀ ਦਾ ਹਵਾਲਾ ਦਿੱਤਾ ਜੋ ਹਿਜ਼ਬੁਲ ਮੁਜਾਹੀਦੀਨ ਦਾ ਸਰਗਰਮ ਕਾਰਕੁੰਨ ਸੀ ਅਤੇ ਪਾਬੰਦੀਸ਼ੁਦਾ ਜਥੇਬੰਦੀ ਦਾ ਕਮਾਂਡਰ ਨਾਇਕੂ ਜਿਸ ਨੂੰ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਹਲਾਕ ਕਰ ਦਿੱਤਾ ਸੀ, ਦਾ ਨੇੜਲਾ ਸਾਥੀ ਸੀ।
ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਵੱਡੀ ਮੱਛੀਆਂ ਨੂੰ ਕਾਬੂ ਕਰਨ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਸਾਨੂੰ ਸਭ ਕੁਝ ਦਿਸ ਰਿਹਾ ਹੈ ਕਿ ਪਾਕਿਸਤਾਨ ਕਿ ਕਰ ਰਿਹਾ ਹੈ?’’ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਪਾਕਿਸਤਾਨ ਵੱਲੋਂ ਨਸ਼ੇ, ਹਥਿਆਰ ਅਤੇ ਨਸ਼ਾ ਦਾ ਪੈਸਾ ਧੱਕਣ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਕਿਉਂ ਜੋ ਗੁਆਂਢੀ ਮੁਲਕ ਸੂਬੇ ਨੂੰ ਅਸਥਿਰ ਕਰਕੇ ਇੱਥੋਂ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ। ਉਨ੍ਹਾਂ ਕਿਹਾ,‘‘ਅਸੀਂ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਦੇ ਗਲਤ ਇਰਾਦਿਆਂ ਨੂੰ ਮਾਤ ਦੇਣ ਲਈ ਪੂਰੀ ਤਰਾਂ ਮੁਸਤੈਦੀ ਵਰਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਪੁਲਿਸ ਲਗਾਤਾਰ ਚੌਕਸੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਅਜਿਹੇ ਘਿਨਾਉਣੇ ਕਾਰਿਆਂ ਨੂੰ ਸਿਰੇ ਨਾ ਚੜਨ ਦਿੱਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ‘‘ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਨੇ ਸੋਚਿਆ ਹੋਵੇਗਾ ਕਿ ਪੁਲਿਸ ਕਰਮੀਆਂ ਦੀ ਕੋਵਿਡ-19 ਡਿਊਟੀ ਅਤੇ ਸਰੋਤਾਂ ਦੀ ਵੰਡ ਹੋਣ ਕਾਰਨ ਪੈਦਾ ਹੋਏ ਖਲਾਅ ਦਾ ਲਾਭ ਲੈਦਿਆਂ ਉਹ ਪੰਜਾਬ ‘ਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਅਸ਼ਾਂਤੀ ਪੈਦਾ ਕਰ ਦੇਣਗੇ। ਭਾਵੇਂ ਅੱਧੀ ਪੁਲਿਸ ਫੋਰਸ ਕਰਫਿਊ/ਲੌਕਡਾਊਨ ਦੀ ਡਿਊੂਟੀ ਅਤੇ ਮਾਨਵਤਾ ਭਲਾਈ ਲਈ ਕੰਮ ਕਰ ਰਹੀ ਹੈ ਪਰ ਉਹ ਨਾਲ ਦੀ ਨਾਲ ਸੀਮਾ ‘ਤੇ ਵਾਪਰ ਰਹੀਆਂ ਗਤੀਵਿਧੀਆਂ ‘ਤੇ ਵੀ ਗਹਿਰੀ ਨਜ਼ਰ ਰੱਖ ਰਹੀ ਹੈ‘‘।