At Jalandhar’s Phagwara Gate : ਸੂਬੇ ਵਿਚ ਕਰਫਿਊ ਨੂੰ 18 ਮਈ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ ਜਦਕਿ ਲੌਕਡਾਊਨ 31 ਮਈ ਤਕ ਚੱਲੇਗਾ। ਜਲੰਧਰ ਵਿਖੇ ਫਗਵਾੜਾ ਗੇਟ ਜਿਥੇ ਇਲੈਕਟ੍ਰੋਨਿਕ ਦਾ ਸਾਮਾਨ ਮਿਲਦਾ ਹੈ, ਨੂੰ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ ਪਰ ਹੁਣ ਲੋਕਾਂ ਵਲੋਂ ਇਸ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਇਸ ਦਾ ਕਾਰਨ ਲੋਕਾਂ ਵਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨਾ ਹੈ। ਪ੍ਰਸ਼ਾਸਨ ਵਲੋਂ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਸਨ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੁਕਾਨਾਂ ਨੂੰ ਖੋਲ੍ਹਿਆ ਜਾਵੇ। ਜੇਕਰ ਇਨ੍ਹਾਂ ਗਾਈਲਡਲਾਈਨਜ਼ ਦੀ ਸਹੀ ਤਰੀਕੇ ਨਾਲ ਪਾਲਣਾ ਨਾ ਕੀਤੀ ਗਈ ਤਾਂ ਹੋ ਸਕਦਾ ਹੈ ਕਿ ਇਸ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪਵੇ ਤੇ ਇਕ ਵਾਰ ਫਿਰ ਤੋਂ ਫਗਵਾੜਾ ਗੇਟ ਦੀ ਮਾਰਕੀਟ ਨੂੰ ਬੰਦ ਕਰਨਾ ਪਵੇ।
ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਫਗਵਾੜਾ ਗੇਟ ਵਿਖੇ ਪੱਖੇ, ਕੂਲਰ ਤੇ ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲੀ ਹੈ। ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਗੋਲੇ ਬਣਾਏ ਗਏ ਹਨ ਪਰ ਲੋਕ ਇਨ੍ਹਾਂ ਵਿਚ ਖੜ੍ਹੇ ਨਾ ਹੋ ਕੇ ਭੀੜ ਜਮ੍ਹਾ ਕਰ ਰਹੇ ਹਨ ਅਤੇ ਖੁੱਲ੍ਹ ਦੀਆਂ ਧੱਜੀਆਂ ਉਡਾ ਰਹੇ ਹਨ। ਬਹੁਤ ਦੇਰ ਬਾਅਦ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਨੂੰ ਮਿਲੀਆਂ ਹਨ ਇਸ ਲਈ ਆਮ ਜਨਤਾ ਨੂੰ ਵੀ ਚਾਹੀਦਾ ਹੈ ਕਿ ਉਹ ਉਨ੍ਹਾਂ ਦਾ ਪੂਰਾ ਸਹਿਯੋਗ ਦੇਣ ਤਾਂ ਜੋ ਦੁਕਾਨਦਾਰਾਂ ਦੀ ਪ੍ਰੇਸ਼ਾਨੀ ਕੁਝ ਘੱਟ ਹੋ ਸਕੇ। ਇਸ ਤੋਂ ਪਹਿਲਾਂ ਵੀ ਫਗਵਾੜਾ ਗੇਟ ਵਿਚ ਜਿਆਦਾ ਭੀੜ ਇਕੱਠੀ ਹੋਣ ਕਾਰਨ ਇਸ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਤੇ ਇੰਝ ਹੀ ਰਿਹਾ ਤਾਂ ਦੁਬਾਰਾ ਵੀ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਸਕਦਾ ਹੈ। ਸੂਬੇ ਵਿਚ ਭਾਵੇਂ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਘਟੀ ਹੈ ਪਰ ਫਿਰ ਵੀ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਦੁਬਾਰਾ ਇਨ੍ਹਾਂ ਕੇਸਾਂ ਵਿਚ ਵਾਧਾ ਨਾ ਹੋ ਸਕੇ ਤੇ ਅਸੀਂ ਇਸ ਵਾਇਰਸ ਤੋਂ ਨਿਜਾਤ ਪਾ ਸਕੀਏ।