ਲੁਧਿਆਣਾ (ਕੁੰਵਰਜੋਤ ਸਿੰਘ ): ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਕੈਨੇਡੀਅਨ ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਹੈ। ਇਸ ਚਿਤਾਵਨੀ ਵਿੱਚ ਲੋਕਾਂ ਨੂੰ ਕੈਨੇਡਾ ਆਉਣ ਸਬੰਧੀ ਸੇਵਾਵਾਂ ਲੈਣ ਸਮੇਂ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ । ਸਰਕਾਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਅਜਿਹੇ ਏਜੰਟ ‘ਤੇ ਵਿਸ਼ਵਾਸ ਨਾ ਕਰੋ, ਜੋ ਵੀਜ਼ਾ ਮਿਲਣ ਦਾ ਦਾਅਵਾ ਕਰਦਾ ਹੈ, ਵੀਜ਼ਾ ਅਧਿਕਾਰੀਆਂ ਨਾਲ ਵਿਸ਼ੇਸ਼ ਸਬੰਧ ਹੋਣ ਦੀ ਗੱਲ ਕਰਦਾ ਹੈ, ਬੜੀ ਜਲਦੀ ਵੀਜ਼ਾ ਪ੍ਰਕਿਰਿਆ ਪੂਰੀ ਹੋਣ ਦਾ ਦਾਅਵਾ ਕਰਦਾ ਹੈ ਜਾਂ ਕੈਨੇਡਾ ਵਿਚ ਪੱਕੇ ਨਿਵਾਸ ਦਾ ਦਾਅਵਾ ਕਰਦਾ ਹੈ। ਅਜਿਹੇ ਏਜੰਟ ਸੱਚ ਨਹੀਂ ਬੋਲ ਰਹੇ ਹੁੰਦੇ । ਕੋਈ ਵੀ ਇਹ ਗਾਰੰਟੀ ਨਹੀਂ ਦੇ ਸਕਦਾ ਹੈ ਕਿ ਤੁਹਾਡਾ ਵੀਜ਼ਾ ਮਨਜ਼ੂਰ ਹੋ ਜਾਵੇਗਾ।
ਰਿਪੋਰਟਾਂ ਮੁਤਾਬਕ ਬਹੁਤ ਸਾਰੇ ਏਜੰਟ ਘੱਟ ਜਾਂ ਬਿਨ੍ਹਾਂ ਕੰਮ ਦੇ ਤੁਹਾਡੇ ਕੋਲੋਂ ਪੈਸੇ ਲੈ ਲੈਂਦੇ ਹਨ। ਅਜਿਹੇ ਏਜੰਟ ਤੁਹਾਨੂੰ ਝਾਂਸੇ ਵਿੱਚ ਲੈ ਕੇ ਕਹਿਣਗੇ ਕਿ ਤੁਸੀਂ ਵੀਜ਼ੇ ਲਈ ਸਾਰੀਆਂ ਕਸੌਟੀਆਂ ‘ਤੇ ਖਰੇ ਉਤਰਦੇ ਹੋ, ਭਾਵੇਂ ਕਿ ਤੁਸੀਂ ਵੀਜ਼ੇ ਦੀਆਂ ਸ਼ਰਤਾਂ ਨਾ ਵੀ ਪੂਰੀਆਂ ਕਰਦੇ ਹੋਵੋ ਤਾਂ ਵੀ ਉਹ ਤੁਹਾਨੂੰ ਯਕੀਨ ਦਵਾਉਣਗੇ ਕਿ ਤੁਹਾਡਾ ਵੀਜ਼ਾ ਜ਼ਰੂਰ ਲੱਗੇਗਾ। ਉਹ ਵੀਜ਼ਾ ਐਪਲੀਕੇਸ਼ਨ ਲਈ ਤੁਹਾਡੇ ਤੋਂ ਬਣਦੇ ਖ਼ਰਚੇ ਨਾਲੋਂ ਵੱਧ ਪੈਸੇ ਲੈਣਗੇ ਅਤੇ ਤੁਹਾਨੂੰ ਦੱਸਣਗੇ ਕਿ ਉਨ੍ਹਾਂ ਨੇ ਤੁਹਾਡੀ ਐਪਲੀਕੇਸ਼ਨ ਦਰਜ ਕਰਵਾ ਦਿੱਤੀ ਹੈ, ਭਾਵੇਂ ਉਨ੍ਹਾਂ ਨੇ ਤੁਹਾਡੀ ਵੀਜ਼ਾ ਐਪਲੀਕੇਸ਼ਨ ਨਾ ਵੀ ਦਰਜ ਕਰਵਾਈ ਹੋਵੇ। ਕੈਨੇਡੀਅਨ ਵੈੱਬਸਾਈਟ ਨੇ ਚਿਤਾਵਨੀ ਦਿੱਤੀ ਹੈ ਕਿ ਏਜੰਟ ਦੀ ਅਜਿਹੀ ਝੂਠੀ ਅਤੇ ਭਰਮਾਊ ਸਲਾਹ ਅਤੇ ਕਾਰਵਾਈਆਂ ਦੇ ਗੰਭੀਰ ਨਤੀਜੇ ਹੋ ਸਕਦੇ ਹਨ । ਤੁਹਾਡੇ ‘ਤੇ 5 ਸਾਲਾਂ ਤੱਕ ਲਈ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਪਾਬੰਦੀ ਲਗਾਈ ਜਾ ਸਕਦੀ ਹੈ ਅਤੇ ਤੁਹਾਡਾ ਧੋਖਾਧੜੀ ਦਾ ਪੱਕਾ ਰਿਕਾਰਡ ਬਣ ਸਕਦਾ ਹੈ।