ਰਾਜਦੀਪ ਬੈਨੀਪਾਲ
(ਲੇਖਕ, ਡੇਲੀ ਪੋਸਟ ਪੰਜਾਬੀ ਦੇ ਐਗਜ਼ੈਕਟਿਵ ਐਡੀਟਰ ਹਨ)
‘ਸੱਚ ਦੀ ਜ਼ੁਬਾਨ ਬੜੀ ਕੌੜੀ ਹੁੰਦੀ ਹੈ, ਸੱਚ ਦੀ ਜ਼ੁਬਾਨ ਆਖਿਰ ਕੱਟੀ ਜਾਂਦੀ ਹੈ’। ਦੇਸ਼ ਵਿੱਚ ਵੀ ਅੱਜਕੱਲ੍ਹ ਅਜਿਹਾ ਹੀ ਮਾਹੌਲ ਸਿਰਜਿਆ ਜਾਣ ਲੱਗਿਆ ਹੈ। ਇੰਨੀਂ ਦਿਨੀਂ ਬੋਲਣ ਦੀ ਆਜ਼ਾਦੀ ਨੂੰ ਵੀ ਖਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ ਹਨ। ਸਿਆਸੀ ਆਗੂ ਆਪੋ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਦੱਬਣ ਲਈ ਨਾ ਸਿਰਫ ਪੁਲਿਸ ਦਾ ਸਹਾਰਾ ਲੈਣ ਲੱਗੇ ਹਨ ਸਗੋਂ ਐਫ.ਆਈ.ਆਰ ਤੱਕ ਦਰਜ ਕਰਕੇ ਡਰਾਉਣ ਦੀਆਂ ਵੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਾਮਲਾ ਗੁਜਰਾਤ ਦੇ ਵਡਗਾਮ ਤੋਂ ਵਿਧਾਇਕ ਜਿਗਨੇਸ਼ ਮੇਵਾਨੀ ਦਾ ਦੇਖਣ ਨੂੰ ਮਿਿਲਆ ਹੂ ਜਿਸਨੂੰ ਆਸਾਮ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਬੀਤੇ ਬੁੱਧਵਾਰ ਰਾਤ 11.30 ਵਜੇ ਗੁਜਰਾਤ ਦੇ ਪਾਲਨਪੁਰ ਸਰਕਟ ਹਾਊਸ ਤੋਂ ਹੋਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਗ੍ਰਿਫਤਾਰੀ ਕਿਸ ਕਾਰਨ ਹੋਈ ਕਿਉਂਕਿ ਪੁਲਿਸ ਨੇ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਅਤੇ ਨਾ ਹੀ ਗ੍ਰਿਫਤਾਰੀ ਦਾ ਕਾਰਨ ਦੱਸਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਜਿਗਨੇਸ਼ ਮੇਵਾਨੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੰਧ ਵਿੱਚ ਇੱਕ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਕਿਸੇ ਨਹੀਂ ਕੀਤੀ ਪਰ ਗ੍ਰਿਫਤਾਰੀ ਤੋਂ ਬਾਅਦ ਜਿਗਨੇਸ਼ ਮੇਵਾਨੀ ਨੇ ਕਿਹਾ ਕਿ ਉਸਨੂੰ ਉਸਦੇੇ ਇੱਕ ਟਵੀਟ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਖੁਦ ਟਵਿੱਟਰ ਰਾਹੀਂ ਆਪਣੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਉਸ ਦੇ ਟਵੀਟ ਨੂੰ ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਰੋਕ ਦਿੱਤਾ। ਹਾਲਾਂਕਿ ਪੁਲਿਸ ਨੇ ਉਸਨੂੰ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ। ਮੇਵਾਨੀ ਨੇ ਕਿਹਾ, ‘ਮੈਂ ਕਿਸੇ ਵੀ ਝੂਠੀ ਸ਼ਿਕਾਇਤ ਤੋਂ ਨਹੀਂ ਡਰਦਾ। ਮੈਂ ਆਪਣੀ ਲੜਾਈ ਜਾਰੀ ਰੱਖਾਂਗਾ। ਜੇਕਰ ਸੱਚਾਈ ਇਹ ਹੀ ਹੈ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਆਸਤ ਕਿਸ ਪਾਸੇ ਨੂੰ ਚੱਲ ਪਈ ਹੈ। ਗ੍ਰਿਫਤਾਰੀ ਤੋਂ ਬਾਅਦ ਜਿਗਨੇਸ਼ ਨੂੰ ਪਾਲਨਪੁਰ ਥਾਣੇ ‘ਚ ਰੱਖਿਆ ਗਿਆ ਅਤੇ ਬਾਅਦ ਵਿੱਚ ਜਿਗਨੇਸ਼ ਨੂੰ ਦੇਰ ਰਾਤ ਪਾਲਨਪੁਰ ਤੋਂ ਸੜਕ ਰਾਹੀਂ ਅਹਿਮਦਾਬਾਦ ਲਿਆਂਦਾ ਗਿਆ ਜਿੱਥੋਂ ਉਸ ਨੂੰ ਟਰੇਨ ਰਾਹੀਂ ਗੁਹਾਟੀ ਲਿਜਾਇਆ ਗਿਆ।
ਗੱਲ ਇੱਥੇ ਹੀ ਨਹੀਂ ਮੁੱਕਦੀ। ਸਿਰਫ ਭਾਜਪਾ ਜਾਂ ਪ੍ਰਧਾਨ ਮੰਤਰੀ ਮੋਦੀ ਬਾਬਤ ਬੋਲਣ ‘ਤੇ ਹੀ ਕਾਰਵਾਈ ਨਹੀਂ ਹੁੰਦੀ, ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਬੋਲ੍ਹਣ ਵਾਲਿਆਂ ਖਿਲਾਫ ਵੀ ਹੁਣ ਕਾਰਵਾਈ ਹੋਣ ਲੱਗੀ ਹੈ। ਦਿੱਲੀ ਵਿੱਚ ਬੈਠ ਕੇ ਮੁਖਾਲਫਤ ਕਰਨ ਵਾਲਿਆਂ ਖਿਲਾਫ ਦਿੱਲੀ ਨਹੀਂ ਸਗੋਂ ਪੰਜਾਬ ਵਿੱਚ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ, ਕਾਂਗਰਸ ਆਗੂ ਅਲਕਾ ਲਾਂਬਾ ਅਤੇ ਮਸ਼ਹੂਰ ਕਵਿ ਡਾ. ਕੁਮਾਰ ਵਿਸ਼ਵਾਸ ਦੇ ਖਿਲਾਫ ਪੰਜਾਬ ਦੇ ਥਾਣਿਆਂ ਵਿੱਚ ਮੁਕੱਦਮੇ ਦਰਜ ਕੀਤੇ ਗਏ ਅਤੇ ਇਹ ਮੁਕੱਦਮੇ ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਦਿੱਤੇ ਬਿਆਨਾਂ ਨੂੰ ਲੈ ਕੇ ਕੀਤੇ ਗਏ ਹਨ ਅਤੇ ਪੰਜਾਬ ਪੁਲਿਸ ਉਕਤ ਸਾਰਿਆਂ ਦੀ ਭਾਲ ਵਿੱਚ ਦਿੱਲੀ ਵਿੱਚ ਜਾ ਕੇ ਛਾਪੇਮਾਰੀ ਤੱਕ ਕਰਦੀ ਨਜ਼ਰ ਆਈ। ਅਜਿਹੇ ਹਾਲਾਤਾਂ ਵਿੱਚ ਭਾਜਪਾ ਅਤੇ ਆਪ ਦਾ ਵਤੀਰਾ ਇੱਕੋ ਜਿਹਾ ਨਹੀਂ ਹੈ ? ਕੀ ‘ਆਪ’ ਵੀ ਭਾਜਪਾ ਦੇ ਨਕਸ਼ੇਕਦਮ ‘ਤੇ ਚੱਲ ਰਹੀ ਹੈ ?
ਉਧਰ, ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਵਿਧਾਇਕ ਜਿਗਨੇਸ਼ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਕਾਰਨ ਸੂਬੇ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਗੁਜਰਾਤ ਕਾਂਗਰਸ ਪ੍ਰਧਾਨ ਜਗਦੀਸ਼ ਠਾਕੋਰ ਨੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਜਿਗਨੇਸ਼ ਨੂੰ ਮਿਲਣ ਲਈ ਜਗਦੀਸ਼ ਠਾਕੋਰ ਦੇ ਨਾਲ ਗੁਜਰਾਤ ਕਾਂਗਰਸ ਦੇ ਕਈ ਨੇਤਾ ਵੀ ਮੌਜੂਦ ਸਨ। ਇਨ੍ਹਾਂ ਵਿੱਚ ਸੀਨੀਅਰ ਕਾਂਗਰਸੀ ਆਗੂ ਵਿਧਾਇਕ ਘਿਆਸੂਦੀਨ ਸ਼ੇਖ, ਇਮਰਾਨ ਖੇੜਾਵਾਲਾ, ਡਾਕਟਰ ਸੀਜੇ ਚਾਵੜਾ, ਕਾਂਗਰਸੀ ਆਗੂ ਬਿਮਲ ਸ਼ਾਹ, ਸ਼ਹਿਰੀ ਪ੍ਰਧਾਨ ਨੀਰਵ ਬਖਸ਼ੀ ਸ਼ਾਮਲ ਸਨ। ਦਲਿਤ ਨੇਤਾ ਅਤੇ ਸਿਆਸੀ ਪਾਰਟੀ ਰਾਸ਼ਟਰੀ ਦਲਿਤ ਅਧਿਕਾਰ ਮੰਚ ਦੇ ਕਨਵੀਨਰ ਜਿਗਨੇਸ਼ ਮੇਵਾਨੀ ਨੇ ਵਡਗਾਮ ਤੋਂ ਆਜ਼ਾਦ ਉਮੀਦਵਾਰ ਵਜੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਉਨ੍ਹਾਂ ਨੂੰ ਗੁਜਰਾਤ ਦੇ ਦਲਿਤ ਨੇਤਾ ਵਜੋਂ ਵੀ ਦੇਖਿਆ ਜਾਂਦਾ ਹੈ। ਉਸਨੇ ਸਤੰਬਰ 2021 ਵਿੱਚ ਰਾਹੁਲ ਗਾਂਧੀ ਅਤੇ ਜੇਐਨਯੂ ਵਿਿਦਆਰਥੀ ਯੂਨੀਅਨ ਦੇ ਸਾਬਕਾ ਨੇਤਾ ਕਨ੍ਹਈਆ ਕੁਮਾਰ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਦਾ ਸਮਰਥਨ ਕੀਤਾ ਸੀ।
ਮਸਲਾ ਇੱਥੇ ਹੀ ਖਤਮ ਨਹੀਂ ਹੁੰਦਾ। ਗੱਲ ਮਹਾਂਰਾਸ਼ਟਰ ਦੀ ਕਰੀਏ ਤਾਂ ਉਥੇ ਵੀ ਸਿਆਸੀ ਵਿਰੋਧੀਆਂ ਖਿਲਾਫ ਹੋ ਰਹੀਆਂ ਕਾਰਵਾਈਆਂ ਨੂੰ ਸਿਆਸੀ ਬਦਲਾਖੋਰੀ ਦਾ ਨਾਮ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀਂ ਅਜਾਨ ਬਨਾਮ ਹਨੂਮਾਨ ਚਾਲੀਸਾ ਪਾਠ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੀ ਸਿਆਸਤ ਦੇ ਚੱਲਦਿਆਂ ਮਹਾਂਰਾਸ਼ਟਰ ਦੀ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਸਦੇ ਵਿਧਾਇਕ ਪਤੀ ਨੇ ਸ਼ਿਵਸੈਨਾ ਪ੍ਰਮੁੱਖ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ ਹਨੂਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਸੂਬੇ ਦਾ ਮਾਹੌਲ ਵਿਗਾੜਣ ਦੇ ਇਲਜ਼ਾਮਾਂ ਹੇਠ ਐਮ.ਪੀ ਨਵਨੀਤ ਕੌਰ ਰਾਣਾ ਅਤੇ ਉਸਦੇ ਵਿਧਾਇਕ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਮਹਾਂਰਾਸ਼ਟਰ ਦੀ ਸਿਆਸੀ ਫਿਜ਼ਾ ਵਿੱਚ ਕਾਫੀ ਗਰਮੀ ਵਧੀ ਹੋਈ ਹੈ ਅਤੇ ਹੁਣ ਉਸਦੇ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਕੀ ਇਹ ਸਿਆਸੀ ਬਦਲਾਖੋਰੀ ਦਾ ਹੀ ਹਿੱਸਾ ਹੈ ? ਸ਼ਿਵਸੈਨਾ, ਜੋ ਸ਼ੁਰੂ ਤੋਂ ਹੀ ਪੋ੍ਰ-ਹਿੰਦੂ ਏਜੰਡੇ ਨੂੰ ਅੱਗੇ ਵਧਾਉਂਦੀ ਆਈ ਹੈ ਕੀ ਉਹ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਇਹ ਸਭ ਕਰ ਰਹੀ ਹੈ ? ਇਸਦਾ ਸਵਾਲ ਤਾਂ ਉਹ ਖੁਦ ਹੀ ਦੇ ਸਕਦੀ ਹੈ ਪਰ ਦੇਸ਼ ਦਾ ਮਾਹੌਲ ਕੀ ਬਣ ਰਿਹਾ ਹੈ ? ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਆਬੋ ਹਵਾ ਦੇ ਰਹੇ ਹਾਂ ? ਧਰਮ ਅਤੇ ਫਿਰਕਿਆਂ ਦੀ ਲੜਾਈ ਦੇਸ਼ ਦਾ ਭਲਾ ਕਰੇਗੀ ?
ਹਕੂਮਤਾਂ ਵੱਲੋਂ ਅਜਿਹਾ ਸਿਰਫ ਆਪਣੇ ਸਿਆਸੀ ਵਿਰੋਧੀਆਂ ਨਾਲ ਹੀ ਨਹੀਂ ਸਗੋਂ ਮੀਡੀਆ ਅਦਾਰਿਆਂ ਨਾਲ ਵੀ ਕੀਤਾ ਜਾ ਰਿਹਾ ਹੈ। ਦੈਨਿਕ ਭਾਸਕਰ ਅਖਬਾਰ ਦੀ ਰਿਪੋਰਟਿੰਗ ਨੂੰ ਉਸਦੇ ਨਿਡਰ ਅਤੇ ਨਿਰਪੱਖ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਹਰ ਗੱਲ ਬੇਬਾਕੀ ਨਾਲ ਰੱਖਣ ਵਾਲੇ ਅਖਬਾਰਾਂ ਦੀ ਗਿਣਤੀ ਵਿੱਚ ਇਸ ਅਖਬਾਰ ਦਾ ਨਾਮ ਸਭ ਤੋਂ ਉੇਪਰ ਆਉਂਦਾ ਹੈ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਪਰ ਜਦੋਂ ਦੈਨਿਕ ਭਾਸਕਰ ਨੇ ਕੋਰੋਨਾ ਕਾਲ ਦੌਰਾਨ ਯੂ.ਪੀ ਵਿੱਚ ਮੌਤਾਂ ਦੀ ਗਿਣਤੀ ਲੁਕੋਣ ਅਤੇ ਗੰਗਾ ਵਿੱਚ ਤੈਰਦੀਆਂ ਲਾਸ਼ਾਂ ਦੀ ਰਿਪੋਰਟਿੰਗ ਕੀਤੀ। ਇਸਦਾ ਖਾਮਿਆਜ਼ਾ ਦੈਨਿਕ ਭਾਸਕਰ ਵਰਗੇ ਅਦਾਰੇ ਨੂੰ ਅਜਿਹੀਆਂ ਮੁਸ਼ਕਲਾਂ ਨਾਲ ਕਰਨਾ ਪਿਆ ਜਿਹਨਾਂ ਬਾਬਤ ਸੋਚਿਆ ਹੀ ਨਹੀਂ ਜਾ ਸਕਦਾ। ਮੀਡੀਆ ਅਦਾਰਿਆਂ ਦੀ ਆਵਾਜ਼ ਨੂੰ ਦੱਬਿਆ ਜਾ ਸਕੇ ਅਜਿਹੇ ਕਈ ਯਤਨ ਤਾਂ ਬਹੁਤੇ ਸਮੇਂ ਤੋਂ ਹੁੰਦੇ ਆਏ ਹਨ ਪਰ ਬਾਵਜੂਦ ਉਸਦੇ ਇਹ ਹਿੰਮਤ ਹੀ ਹੈ ਕਿ ਭਾਰਤੀ ਮੀਡੀਆ ਦੇ ਕਈ ਹਿੱਸੇ ਅੱਜ ਵੀ ਬੇਬਾਕੀ ਦੇ ਨਾਲ ਆਪਣੀ ਗੱਲ ‘ਤੇ ਬਰਕਰਾਰ ਹਨ ਅਤੇ ਉਨ੍ਹਾਂ ਵਿੱਚ ਐਨ.ਡੀ.ਟੀ.ਵੀ ਵੀ ਇੱਕ ਪ੍ਰਮੁੱਖ ਮੀਡੀਆ ਅਦਾਰਾ ਹੈ ਜਿਸ ਨੂੰ ਦਰਪੇਸ਼ ਆਈਆਂ ਔਕੜਾਂ ਤਾਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਹੁਣ ਇੱਥੇ ਸਵਾਲ ਹੋਰ ਵੀ ਕਈ ਹਨ, ਕੀ ਸਿਆਸੀ ਪਾਰਟੀਆਂ ਦੇ ਆਗੂਆਂ ਖਿਲਾਫ ਬੋਲਣਾਂ ਕੋਈ ਅਪਰਾਧ ਹੈ ? ਕੀ ਸਿਆਸੀ ਲੀਡਰਾਂ ਖਿਲਾਫ ਬੋਲਣ ਵਾਲਿਆਂ ‘ਤੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਕਾਰਵਾਈ ਠੀਕ ਹੈ ? ਕੀ ਸਿਆਸੀ ਬਦਲਾਖੋਰੀ ਲਈ ਕੇਂਦਰ ਅਤੇ ਸੂਬਿਆਂ ਵੱਲੋਂ ਆਪੋ ਆਪਣੀਆਂ ਤਾਕਤ ਵਾਲੀਆਂ ਏਜੰਸੀਆਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣਾ ਠੀਕ ਹੈ ? ਕੀ ਇਹੀ ਲੋਕਤੰਤਰ ਹੈ ? ਕੀ ਲੋਕਤੰਤਰ ਦੇ ਵਿੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦੱਬਿਆ ਜਾਣਾ ਚਾਹੀਦਾ ਹੈ ? ਇਨ੍ਹਾਂ ਸਵਾਲਾਂ ਦੇ ਜਵਾਬ ਕੌਣ ਦਵੇਗਾ ? ਇਹ ਵੀ ਇੱਕ ਵੱਡਾ ਸਵਾਲ ਹੈ।