ਪਾਕਿਸਤਾਨ ਦੇ 76ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਐਤਵਾਰ ਨੂੰ ਅਟਾਰੀ ਸਰਹੱਦ ਦੀ ਚੈੱਕ ਪੋਸਟ ‘ਤੇ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੂਜੇ ਪਾਸੇ ਭਾਰਤ 15 ਅਗਸਤ ਨੂੰ ਪਾਕਿਸਤਾਨ ਰੇਂਜਰਾਂ ਨੂੰ ਮਠਿਆਈਆਂ ਭੇਂਟ ਕਰੇਗਾ। ਇਸ ਦੌਰਾਨ ਦੋਵਾਂ ਸਰਹੱਦਾਂ ਵਿਚਾਲੇ ਗੇਟ ਕੁਝ ਪਲਾਂ ਲਈ ਖੋਲ੍ਹ ਦਿੱਤਾ ਗਿਆ ਅਤੇ ਲਾਈਨ ਜ਼ੀਰੋ ‘ਤੇ ਇਹ ਪ੍ਰੋਗਰਾਮ ਕਰਵਾਇਆ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਜਿੱਥੇ ਭਾਰਤ 15 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ, ਉੱਥੇ ਪਾਕਿਸਤਾਨ 14 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ। ਜਿਸ ਕਾਰਨ ਪਾਕਿਸਤਾਨੀ ਰੇਂਜਰਾਂ ਨੇ ਐਤਵਾਰ ਸਵੇਰੇ ਬੀਐਸਐਫ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦੇਣ ਲਈ ਮਠਿਆਈਆਂ ਦਿੱਤੀਆਂ। ਜਿਸ ਨੂੰ ਬੀਐਸਐਫ ਦੇ ਅਧਿਕਾਰੀਆਂ ਨੇ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਸਵੇਰੇ 10 ਵਜੇ ਪਾਕਿ ਰੇਂਜਰਾਂ ਦੇ ਅਧਿਕਾਰੀਆਂ ਨੇ ਬੀਐਸਐਫ ਦੇ ਕਮਾਂਡੈਂਟ ਨੂੰ ਮਠਿਆਈਆਂ ਭੇਟ ਕੀਤੀਆਂ। ਇਸ ਮੌਕੇ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਦੇ ਕਈ ਅਧਿਕਾਰੀ ਅਤੇ ਜਵਾਨ ਮੌਜੂਦ ਸਨ।
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ 15 ਅਗਸਤ ਨੂੰ ਭਾਰਤ ਵੱਲੋਂ ਪਾਕਿਸਤਾਨ ਨੂੰ ਮਠਿਆਈਆਂ ਭੇਂਟ ਕਰਕੇ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਸਿਰਫ ਸੁਤੰਤਰਤਾ ਦਿਵਸ ‘ਤੇ ਹੀ ਨਹੀਂ, ਸਗੋਂ ਗਣਤੰਤਰ ਦਿਵਸ, ਹੋਲੀ, ਦੀਵਾਲੀ, ਈਦ, ਵਿਸਾਖੀ ਵਰਗੇ ਮੌਕਿਆਂ ‘ਤੇ ਪਾਕਿਸਤਾਨ ਰੇਂਜਰਾਂ ਅਤੇ ਬੀ.ਐੱਸ.ਐੱਫ ਦੇ ਵਿਚਕਾਰ ਸਬੰਧਾਂ ਨੂੰ ਸੁਧਾਰਨ ਲਈ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਖਟਾਸ ਆ ਗਈ ਸੀ। ਇਸ ਤੋਂ ਬਾਅਦ ਦੋ ਸਾਲਾਂ ਤੱਕ ਹੋਲੀ, ਦੀਵਾਲੀ, ਈਦ, 26 ਜਨਵਰੀ, 15 ਅਗਸਤ ਨੂੰ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਦੇ ਕੇ ਵਧਾਈ ਨਹੀਂ ਦਿੱਤੀ। ਪੁਲਵਾਮਾ ਹਮਲੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ, ਪਰ ਪਿਛਲੇ ਸਾਲ ਦੋਵਾਂ ਦੇ ਰਿਸ਼ਤੇ ਸੁਧਰਨ ਲੱਗੇ ਅਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਮੁੜ ਸ਼ੁਰੂ ਹੋ ਗਿਆ।