ਫੋਰਬਸ ਦੀ ਦੁਨੀਆਂ ਦੇ ਅਰਬਪਤੀਆਂ ਦੀ 2024 ਦੀ ਸੂਚੀ ਵਿੱਚ ਇਸ ਵਾਰ 200 ਭਾਰਤੀਆਂ ਦੇ ਨਾਮ ਸ਼ਾਮਲ ਹਨ। ਪਿਛਲੇ ਸਾਲ ਇਸ ਵਿੱਚ 169 ਭਾਰਤੀਆਂ ਦੇ ਨਾਮ ਸਨ । ਇਨ੍ਹਾਂ ਭਾਰਤੀਆਂ ਦੀ ਕੁੱਲ ਜਾਇਦਾਦ 954 ਅਰਬ ਡਾਲਰ ਹੈ, ਜੋ ਪਿਛਲੇ ਸਾਲ ਦੇ 675 ਅਰਬ ਡਾਲਰ ਦੇ ਮੁਕਾਬਲੇ 41 ਫ਼ੀਸਦੀ ਜ਼ਿਆਦਾ ਹੈ। ਫੋਰਬਸ ਦੀ ਭਾਰਤੀ ਅਰਬਪਤੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਮੁਕੇਸ਼ ਅੰਬਾਨੀ ਦਾ ਨਾਮ ਹੈ, ਜਿਨ੍ਹਾਂ ਦੀ ਜਾਇਦਾਦ 83 ਅਰਬ ਡਾਲਰ ਤੋਂ ਵਧ ਕੇ 116 ਅਰਬ ਡਾਲਰ ਹੋ ਗਈ ਹੈ । ਜਿਸ ਦੇ ਨਾਲ ਉਹ 100 ਅਰਬ ਡਾਲਰ ਕਲੱਬ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਏਸ਼ਿਆਈ ਬਣ ਗਏ। ਮੁਕੇਸ਼ ਅੰਬਾਨੀ ਨੇ ਦੁਨੀਆਂ ਦੇ 9ਵੇਂ ਸੱਭ ਤੋਂ ਅਮੀਰ ਵਿਅਕਤੀ ਵਜੋਂ ਅਪਣਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ।
ਇਸ ਸੂਚੀ ਮੁਤਾਬਕ ਗੌਤਮ ਅਡਾਨੀ ਦੂਜੇ ਸਭ ਤੋਂ ਅਮੀਰ ਭਾਰਤੀ ਹਨ । ਉਨ੍ਹਾਂ ਦੀ ਜਾਇਦਾਦ ਵਿੱਚ 36.8 ਅਰਬ ਡਾਲਰ ਦਾ ਵਾਧਾ ਹੋਇਆ ਹੈ । ਉਹ 84 ਅਰਬ ਡਾਲਰ ਦੀ ਜਾਇਦਾਦ ਨਾਲ ਸੂਚੀ ਵਿੱਚ 17ਵੇਂ ਸਥਾਨ ‘ਤੇ ਹਨ । ਸਾਵਿਤਰੀ ਜਿੰਦਲ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਬਣੀ ਹੋਈ ਹੈ । ਉਨ੍ਹਾਂ ਦਾ ਨਾਮ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਚੌਥੇ ਨੰਬਰ ‘ਤੇ ਹੈ। ਇੱਕ ਸਾਲ ਪਹਿਲਾਂ ਉਹ 6ਵੇਂ ਸਥਾਨ ‘ਤੇ ਸੀ। ਉਨ੍ਹਾਂ ਦੀ ਕੁੱਲ ਜਾਇਦਾਦ 33.5 ਅਰਬ ਡਾਲਰ ਹੈ। ਇਸ ਸੂਚੀ ਵਿੱਚ 25 ਨਵੇਂ ਭਾਰਤੀ ਅਰਬਪਤੀ ਸ਼ਾਮਲ ਹੋਏ ਹਨ । ਇਨ੍ਹਾਂ ਵਿੱਚ ਨਰੇਸ਼ ਤ੍ਰੇਹਨ, ਰਮੇਸ਼ ਕੁਨਹੀਕਾਨਨ ਅਤੇ ਰੇਣੂਕਾ ਜਗਤਿਆਨੀ ਸ਼ਾਮਲ ਹਨ । ਇਸ ਦੇ ਨਾਲ ਹੀ ਬਾਈਜੂ ਰਵਿੰਦਰਨ ਅਤੇ ਰੋਹਿਕਾ ਮਿਸਤਰੀ ਦੇ ਨਾਂ ਸੂਚੀ ਤੋਂ ਬਾਹਰ ਹੋ ਗਏ ਹਨ।
ਦੱਸ ਦੇਈਏ ਕਿ ਮੰਗਲਵਾਰ ਨੂੰ ਜਾਰੀ ਹੋਈ ਫੋਰਬਸ ਦੀ ਸੂਚੀ ਵਿਚਪਹਿਲੇ ਨੰਬਰ ‘ਤੇ ਫ੍ਰਾਂਸ ਦੇ ਬਰਨਾਰਡ ਅਰਨਾਲਟ ਤੇ ਉਨ੍ਹਾਂ ਦਾ ਪਰਿਵਾਰ ਆਇਆ ਹੈ। ਬਰਨਾਰਡ ਅਰਨਾਲਟ 233 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚੇ ਹਨ। ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ ਅਮਰੀਕਾ ਦੇ ਰਹਿਣ ਵਾਲੇ TESLA ਤੇ SpaceX ਕੰਪਨੀ ਦੇ ਮਾਲਕ ਐਲਨ ਮਸਕ ਹਨ, ਜਿਨ੍ਹਾਂ ਦੀ ਸੰਪਤੀ 195 ਬਿਲੀਅਨ ਡਾਲਰ ਦੱਸੀ ਗਈ ਹੈ। ਲਿਸਟ ਵਿੱਚ ਅਮਰੀਕਾ ਦੇ ਰਹਿਣ ਵਾਲੇ ਅਮੇਜ਼ਨ ਦੇ ਫਾਊਂਡਰ ਜੇਫ ਬੋਜੇਸ ਆਪਣੀ 194 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਤੀਜੇ ਸਥਾਨ ‘ਤੇ ਪਹੁੰਚੇ ਹਨ। ਚੌਥੇ ਸਥਾਨ ‘ਤੇ ਅਮਰੀਕੀ ਬਿਜ਼ਨੈੱਸਮੈਨ ਮੇਟਾ ਦੇ ਫਾਊਂਡਰ ਮਾਰਕ ਜੁਕਰਬਰਗ ਹੈ। ਪੰਜਵੇਂ ਨੰਬਰ ‘ਤੇ ਲੈਰੀ ਐਲਿਸਨ ਹੈ, ਜੋ ਆਰਿਕਲ ਕੰਪਨੀ ਚਲਾਉਂਦੇ ਹਨ, ਇਨ੍ਹਾਂ ਕੋਲ 141 ਬਿਲੀਅਨ ਡਾਲਰ ਦੀ ਜਾਇਦਾਦ ਦਰਜ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: