Central Government releases : ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ 13 ਰਾਜਾਂ ਨੂੰ ਵਿੱਤੀ ਘਾਟਾ ਗ੍ਰਾਂਟ ਵਜੋਂ 6,157.74 ਕਰੋੜ ਰੁਪਏ ਜਾਰੀ ਕੀਤੇ ਹਨ। ਕੋਰੋਨਾ ਵਾਇਰਸ ਸੰਕਟ ਦੌਰਾਨ ਰਾਜਾਂ ਦੇ ਵਸੀਲੇ ਵਧਾਉਣ ਲਈ ਇਹ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਦੇ ਹਿੱਸੇ 638 ਕਰੋੜ 25 ਲੱਖ ਰੁਪਏ ਆਏ ਹਨ। ਕੱਲ੍ਹ ਜਿਹੜੇ ਰਾਜਾਂ ਨੂੰ 6157.74 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਪੰਜਾਬ ਦੇ ਨਾਲ ਆਂਧਰਾ ਪ੍ਰਦੇਸ਼, ਆਸਾਮ, ਹਿਮਾਚਲ ਪ੍ਰਦੇਸ਼, ਕੇਰਲ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤਾਮਿਲਨਾਡੂ, ਤ੍ਰਿਪੁਰਾ, ਉੱਤਰਾਖੰਡ ਤੇ ਪੱਛਮੀ ਬੰਗਾਲ ਸ਼ਾਮਲ ਹਨ। ਸਭ ਤੋਂ ਵੱਧ 1,276.91 ਕਰੋੜ ਰੁਪਏ ਦੀ ਰਕਮ ਕੇਰਲ ਨੂੰ ਜਾਰੀ ਕੀਤੀ ਗਈ ਹੈ।
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਦਫ਼ਤਰ ਨੇ ਟਵਿਟਰ ’ਤੇ ਦੱਸਿਆ ਕਿ ਸਰਕਾਰ ਨੇ 11 ਮਈ, 2020 ਨੂੰ ਦੂਜੀ ਕਿਸ਼ਤ ਵਜੋਂ 13 ਰਾਜਾਂ ਨੂੰ ਮਾਲੀ ਘਾਟਾ ਗ੍ਰਾਂਟ ਵਜੋਂ ਰਕਮ ਜਾਰੀ ਕੀਤੀ ਹੈ। ਇਹ ਰਕਮ 15ਵੇਂ ਵਿੱਤ ਕਮਿਸ਼ਨ ਦੀ ਸਿਫ਼ਾਰਸ਼ ਮੁਤਾਬਕ ਜਾਰੀ ਕੀਤੀ ਗਈ ਹੈ। ਇਸ ਨਾਲ ਰਾਜਾਂ ਨੂੰ ਕੋਰੋਨਾ ਸੰਕਟ ਦੋਰਾਨ ਕੁਝ ਵਧੇਰੇ ਵਸੀਲੇ ਉਪਲਬਧ ਹੋ ਸਕਣਗੇ। ਰਾਜਾਂ ਨੂੰ ਕੇਂਦਰੀ ਟੈਕਸਾਂ ਵਿੱਚ ਹਿੱਸੇਦਾਰੀ ਤੋਂ ਬਾਅਦ ਆਮਦਨ ਵਿੱਚ ਕਿਸੇ ਪ੍ਰਕਾਰ ਦਾ ਨੁਕਸਾਨ ਹੋਣ ਦੇ ਬਦਲੇ ਵਿੱਚ ਮਾਲੀ ਘਾਟਾ ਗ੍ਰਾਂਟ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਮੰਤਰਾਲੇ ਨੇ 14 ਰਾਜਾਂ ਨੂੰ ਕੇਂਦਰੀ ਟੈਕਸਾਂ ਵਿੱਚ ਹਿੱਸੇਦਾਰੀ ਤੋਂ ਬਾਅਦ ਮਾਲੀ ਘਾਟਾ ਗ੍ਰਾਂਟ ਵਜੋਂ 6,195 ਕਰੋੜ ਰੁਪਏ ਜਾਰੀ ਕੀਤੇ ਸਨ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ, ਜਿਸ ਵਿਚ ਉਨ੍ਹਾਂ ਨੇ ਕੋਰੋਨਾ ਸੰਕਟ ਅਤੇ ਲੌਕਡਾਊਨ ਨੂੰ ਲੈ ਕੇ ਮੁੱਖ ਮੰਤਰੀਆਂ ਦੇ ਸੁਝਾਅ ਮੰਗੇ ਸਨ। ਮੁੱਖ ਮੰਤਰੀ ਨੇ ਇਕ ਵਾਰ ਫਿਰ ਜੀਐਸਟੀ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਨੂੰ ਦੁਹਰਾਇਆ ਤੇ ਕਿਹਾ ਕਿ ਪੰਜਾਬ ਨੂੰ ਉਸ ਦੀ ਬਣਦੀ ਜੀਐਸਟੀ ਦੀ ਬਕਾਇਆ ਰਕਮ ਜੋਕਿ 4365.37 ਕਰੋੜ ਦੀ ਰਕਮ ਹੈ, ਜਾਰੀ ਕੀਤੀ ਜਾਵੇ।