ਪੰਜਾਬ ਦੇ ਜਲੰਧਰ ਵਿੱਚ 4 ਵਾਹਨਾਂ ਦੀ ਭਿਆਨਕ ਟੱਕਰ ਵਿੱਚ, ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਮੋਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਕੇਪੀ (36) ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੁੱਖ ਪ੍ਰਗਟਾਇਆ ਹੈ।
CM ਮਾਨ ਨੇ ਐਕਸ ‘ਤੇ ਪੋਸਟ ਸਾਂਝੀ ਕਰਕੇ ਲਿਖਿਆ- ਜਲੰਧਰ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਸ. ਮੋਹਿੰਦਰ ਸਿੰਘ ਕੇਪੀ ਜੀ ਦੇ ਪੁੱਤਰ ਰਿੱਚੀ ਕੇਪੀ ਦੀ ਸੜਕ ਹਾਦਸੇ ਦੌਰਾਨ ਮੌਤ ਦੀ ਖ਼ਬਰ ਮਿਲੀ। ਦੁਖਦਾਈ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਸੁਖਬੀਰ ਸਿੰਘ ਬਾਦਲ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੋਹਿੰਦਰ ਸਿੰਘ ਕੇਪੀ ਦੇ ਨੌਜਵਾਨ ਬੇਟੇ ਰਿਚੀ ਕੇਪੀ ਦੀ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਗੁਰੂ ਸਾਹਿਬ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਅਸਹਿ ਭਾਣਾ ਮੰਨਣ ਦਾ ਬਲ ਬਖਸ਼ਣ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲਿਖਿਆ- ਪੰਜਾਬ ਦੇ ਸੀਨੀਅਰ ਰਾਜਨੀਤਿਕ ਨੇਤਾ ਮੋਹਿੰਦਰ ਸਿੰਘ ਕੇਪੀ ਜੀ ਦੇ ਨੌਜਵਾਨ ਪੁੱਤਰ ਦੀ ਜਲੰਧਰ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਹੋਈ ਦੁਖਦਾਈ ਮੌਤ ‘ਤੇ ਬਹੁਤ ਦੁੱਖ ਹੋਇਆ। ਇਸ ਅਸਹਿਣਯੋਗ ਨੁਕਸਾਨ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਦਿਲੋਂ ਹਮਦਰਦੀ। ਓਮ ਸ਼ਾਂਤੀ ।
ਇਹ ਵੀ ਪੜ੍ਹੋ : ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ : ਅੰਮ੍ਰਿਤਸਰ-ਗੁਰਦਾਸਪੁਰ ‘ਚ ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ
ਜਾਣਕਾਰੀ ਅਨੁਸਾਰ ਰਿਚੀ ਮਾਡਲ ਟਾਊਨ ਵਿੱਚ ਮਾਤਾ ਰਾਣੀ ਚੌਕ ਨੇੜੇ ਆਪਣੀ ਫਾਰਚੂਨਰ ਕਾਰ (PB-08-AT-0001) ਵਿੱਚ ਜਾ ਰਿਹਾ ਸੀ। ਰਿਚੀ ਦੇ ਗਲੇ ਦਾ ਮਣਕਾ ਟੁੱਟ ਗਿਆ ਅਤੇ ਉਸਦੇ ਸਿਰ ਅਤੇ ਹੋਰ ਹਿੱਸਿਆਂ ਵਿੱਚ ਗੰਭੀਰ ਸੱਟਾਂ ਲੱਗੀਆਂ। ਜਿਸ ਕਾਰਨ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ, ਕ੍ਰੇਟਾ ਕਾਰ ਚਾਲਕ ਹਾਦਸੇ ਵਾਲੀ ਥਾਂ ਤੋਂ ਆਪਣੀ ਕਾਰ ਲੈ ਕੇ ਭੱਜ ਗਿਆ। ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਇਸ ਹਾਦਸੇ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਪੂਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ।
ਐਤਵਾਰ ਸਵੇਰੇ ਸਾਹਮਣੇ ਆਏ ਸੀਸੀਟੀਵੀ ਫੁਟੇਜ ਅਨੁਸਾਰ, ਇਹ ਹਾਦਸਾ ਠੀਕ ਰਾਤ 10.55 ਵਜੇ ਹੋਇਆ। ਜਦੋਂ ਹਾਦਸਾ ਹੋਇਆ ਤਾਂ ਮੋਹਿੰਦਰ ਸਿੰਘ ਕੇਪੀ ਖੁਦ ਪਰਿਵਾਰਕ ਮੈਂਬਰਾਂ ਨਾਲ ਮੌਕੇ ‘ਤੇ ਪਹੁੰਚੇ, ਜਿੱਥੇ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਉਨ੍ਹਾਂ ਰਿਚੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਪਰ ਡਾਕਟਰ ਨੇ ਉੱਥੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰਿਚੀ ਦੀ ਭੈਣ ਅਤੇ ਉਸਦੇ ਰਿਸ਼ਤੇਦਾਰ ਵਿਦੇਸ਼ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























