Bharat Biotech gets approval: ਕੋਰੋਨਾ ਵਾਇਰਸ ਨੂੰ ਰੋਕਣ ਲਈ ‘ਭਾਰਤ ਬਾਇਓਟੈਕ’ ਵੱਲੋਂ ਵਿਕਸਿਤ ਕੀਤੀ ਜਾ ਰਹੀ ਸਵਦੇਸ਼ੀ ‘Covaxin’ ਨੂੰ ਡਰੱਗ ਰੈਗੂਲੇਟਰੀ ਨੇ ਟ੍ਰਾਇਲ ਦੇ ਦੂਜੇ ਪੜਾਅ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਦੂਜੇ ਪੜਾਅ ਵਿੱਚ ਦਾਖਲ ਹੋਣ ਲਈ ਵੈਕਸੀਨ ਪੂਰੀ ਤਰ੍ਹਾਂ ਤਿਆਰ ਹੈ। ਦੂਜੇ ਪੜਾਅ ਵਿੱਚ Covaxin ਦਾ ਟ੍ਰਾਇਲ ਸੋਮਵਾਰ ਯਾਨੀ ਕਿ 7 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ।
ਦਰਅਸਲ, ਭਾਰਤ ਬਾਇਓਟੈਕ ਦੀ ਇਸ ਵੈਕਸੀਨ ਨੂੰ ਪਹਿਲੇ ਪੜਾਅ ਵਿੱਚ ਦੇਸ਼ ਦੇ ਕਈ ਵੱਖ-ਵੱਖ ਹਿੱਸਿਆਂ ਵਿੱਚ ਟੈਸਟ ਕੀਤਾ ਜਾ ਚੁੱਕਿਆ ਹੈ। ਸਿਹਤ ਸੇਵਾ ਦੇ ਡਾਇਰੈਕਟਰ ਜਨਰਲ ਨੇ ਆਪਣੇ ਬਿਆਨ ਵਿੱਚ ਕਿਹਾ, “ਸਿਹਤ ਮਾਹਿਰਾਂ ਨੇ 3 ਸਤੰਬਰ ਨੂੰ ਭਾਰਤ ਬਾਇਓਟੈਕ ਦੀ ਵੈਕਸੀਨ ਨੂੰ ਲੈ ਕੇ ਇੱਕ ਵੀਡੀਓ ਕਾਨਫਰੰਸਿੰਗ ਕੀਤੀ ਸੀ, ਜਿਸ ਵਿੱਚ ਇਸ ਵੈਕਸੀਨ ਨੂੰ ਟ੍ਰਾਇਲ ਦੇ ਦੂਜੇ ਪੜਾਅ ਵਿੱਚ ਭੇਜਣ ਦੀ ਸਹਿਮਤੀ ਬਣੀ।”
ਜਿਸ ਤੋਂ ਬਾਅਦ ਹੁਣ ਟ੍ਰਾਇਲ ਦੇ ਦੂਜੇ ਪੜਾਅ ਵਿੱਚ 380 ਵਾਲੰਟੀਅਰਾਂ ‘ਤੇ ਵੈਕਸੀਨ ਨੂੰ ਟੈਸਟ ਕੀਤਾ ਜਾਵੇਗਾ । ਵੈਕਸੀਨ ਦੀ ਦੋਜ਼ ਦਿੱਤੇ ਜਾਣ ਤੋਂ ਬਾਅਦ ਸਾਰੇ ਵਾਲੰਟੀਅਰਾਂ ਦੀ ਸਿਹਤ ਦੀ ਸਕਰੀਨਿੰਗ ਕੀਤੀ ਜਾਵੇਗੀ। ਫਿਲਹਾਲ ਭਾਰਤ ਦੀ ਪਹਿਲੀ ਸਵਦੇਸ਼ੀ ਕੋਰੋਨਾ ਵੈਕਸੀਨ ਨੂੰ ਟ੍ਰਾਇਲ ਦੇ ਦੂਹੇ ਪੜਾਅ ਵਿੱਚ ਭੇਜਣ ਦੀ ਤੇਜ਼ੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਟ੍ਰਾਇਲ ਦੇ ਪ੍ਰਮੁੱਖ ਜਾਂਚਕਰਤਾ, ਡਾ. ਈ. ਵੈਕੰਟ ਰਾਵ ਨੇ ਦੱਸਿਆ ਕਿ ਸਾਡੀ ਯੋਜਨਾ ਅਨੁਸਾਰ ਟ੍ਰਾਇਲ ਦੇ ਦੂਜੇ ਪੜਾਅ ਦੀ ਜਲਦ ਹੀ ਸ਼ੁਰੂਆਤ ਦੇ ਨਾਲ ਹੀ ਪਹਿਲੇ ਪੜਾਅ ਦੀ ਪ੍ਰਕਿਰਿਆ ਵੀ ਜਾਰੀ ਹੈ।
ਦਰਅਸਲ, ‘Covaxin’ ਨੂੰ ਭਾਰਤ ਬਾਇਓਟੈਕ ਅਤੇ ICMR ਨੇ ਮਿਲ ਕੇ ਬਣਾਇਆ ਹੈ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਕੋਵਿਡ-19 ਵੈਕਸੀਨ ‘ਤੇ ਕੰਮ ਕਰਨ ਵਾਲੀਆਂ 7 ਭਾਰਤੀ ਕੰਪਨੀਆਂ ਵਿੱਚੋਂ ਇੱਕ ਹੈ। ਇਹ ਪਹਿਲੀ ਕੰਪਨੀ ਹੈ, ਜਿਸ ਨੂੰ ਵੈਕਸੀਨ ਦੀ ਕਾਰਜਕੁਸ਼ਲਤਾ ਅਤੇ ਸੁਰੱਖਿਆ ਦੀ ਜਾਂਚ ਕਰਨ ਲਈ ਪਹਿਲੇ ਅਤੇ ਦੂਜੇ ਪੜਾਅ ਨੂੰ ਨਿਯਮਤ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਮਿਲੀ ਹੈ।
ਦੱਸ ਦੇਈਏ ਕਿ ਕਲੀਨਿਕਲ ਟ੍ਰਾਇਲਾਂ ਵਿੱਚ ਲੋਕਾਂ ‘ਤੇ ਪ੍ਰਯੋਗਿਕ ਵੈਕਸੀਨ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵੈਕਸੀਨ ਕਿੰਨੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਇਹ ਪ੍ਰਕਿਰਿਆ ਆਮ ਤੌਰ ‘ਤੇ ਦਸ ਸਾਲ ਲੈਂਦੀ ਹੈ। WHO ਅਨੁਸਾਰ ਲੋਕ ਕਲੀਨਿਕਲ ਟ੍ਰਾਇਲ ਵਿੱਚ ਆਪਣੀ ਇੱਛਾ ਅਨੁਸਾਰ ਆਉਂਦੇ ਹਨ। ਇਨ੍ਹਾਂ ਵਿੱਚ ਦਵਾਈਆਂ, ਸਰਜੀਕਲ ਪ੍ਰਕਿਰਿਆਵਾਂ, ਰੇਡੀਓਲੌਜੀਕਲ ਪ੍ਰਕਿਰਿਆਵਾਂ, ਉਪਕਰਣ, ਵਿਵਹਾਰ ਸਬੰਧੀ ਇਲਾਜ ਅਤੇ ਪ੍ਰੋਫਾਈਲੈਕਟਿਕ ਇਲਾਜ ਵੀ ਸ਼ਾਮਿਲ ਹੁੰਦੇ ਹਨ।