Clinical trials of Sputnik V: ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ ਵੀ ਦੇ ਆਖ਼ਰੀ ਪੜਾਅ ਦਾ ਕਲੀਨਿਕਲ ਟ੍ਰਾਇਲ ਇਸ ਮਹੀਨੇ ਤੋਂ ਭਾਰਤ ਵਿੱਚ ਸ਼ੁਰੂ ਹੋ ਜਾਵੇਗਾ। ਵੈਕਸੀਨ ਬਣਾਉਣ ਲਈ ਫੰਡ ਦੇਣ ਵਾਲੀ ਏਜੰਸੀ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਸੀਈਓ ਕਿਰੀਲ ਦਿਮਿਤ੍ਰਿਜ ਨੇ ਕਿਹਾ ਕਿ ਇਸ ਵੈਕਸੀਨ ਲਈ ਕਲੀਨਿਕਲ ਟ੍ਰਾਇਲ ਭਾਰਤ ਸਣੇ ਯੂਏਈ, ਸਾਊਦੀ ਅਰਬ, ਫਿਲੀਪੀਨਜ਼ ਅਤੇ ਬ੍ਰਾਜ਼ੀਲ ਵਿੱਚ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਵੈਕਸੀਨ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਦੇ ਮੁੱਢਲੇ ਨਤੀਜੇ ਅਕਤੂਬਰ-ਨਵੰਬਰ ਵਿੱਚ ਜਾਰੀ ਕੀਤੇ ਜਾਣਗੇ।
ਰੂਸ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਇਸ ਹਫ਼ਤੇ ਤੋਂ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ ਵੀ ਨੂੰ ਆਮ ਨਾਗਰਿਕਾਂ ਲਈ ਜਾਰੀ ਕਰ ਦਿੱਤਾ ਜਾਵੇਗਾ। ਇਸ ਵੈਕਸੀਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਕੀਤਾ ਸੀ। ਇਸ ਵੈਕਸੀਨ ਨੂੰ ਮਾਸਕੋ ਦੇ ਗਾਮਲੇਆ ਰਿਸਰਚ ਇੰਸਟੀਚਿਊਟ ਵੱਲੋਂ ਰੂਸ ਦੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਐਡੀਨੋਵਾਇਰਸ ਦੇ ਅਧਾਰ ਵਜੋਂ ਵਿਕਸਤ ਕੀਤਾ ਗਿਆ ਹੈ।
ਇਸ ਸਬੰਧੀ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਸ ਵੈਕਸੀਨ ਦਾ ਉਤਪਾਦਨ ਭਾਰਤ, ਦੱਖਣੀ ਕੋਰੀਆ, ਬ੍ਰਾਜ਼ੀਲ, ਸਾਊਦੀ ਅਰਬ, ਤੁਰਕੀ ਅਤੇ ਕਿਊਬਾ ਵਿੱਚ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਵੈਕਸੀਨ ਦੇ ਤੀਜਾ ਪੜਾਅ ਦਾ ਟ੍ਰਾਇਲ ਸਾਊਦੀ ਅਰਬ, ਯੂਏਈ, ਬ੍ਰਾਜ਼ੀਲ, ਭਾਰਤ ਅਤੇ ਫਿਲਪੀਨਜ਼ ਸਮੇਤ ਕਈ ਦੇਸ਼ਾਂ ਵਿੱਚ ਕਰਵਾਉਣ ਦੀ ਯੋਜਨਾ ਹੈ।
ਦੱਸ ਦੇਈਏ ਕਿ ਕੋਰੋਨਾ ਵੈਕਸੀਨ ਬਾਰੇ ਰੂਸ ਨੇ ਦੱਸਿਆ ਕਿ ਵੈਕਸੀਨ ਦਾ ਵਿਸ਼ਾਲ ਉਤਪਾਦਨ ਸਤੰਬਰ 2020 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਭਵਿੱਖ ਦੀਆਂ ਯੋਜਨਾਵਾਂ ਵਿੱਚ 2020 ਦੇ ਅੰਤ ਤੱਕ ਇਸ ਵੈਕਸੀਨ ਦੀਆਂ 200 ਮਿਲੀਅਨ ਖੁਰਾਕਾਂ ਬਣਾਉਣ ਦਾ ਟੀਚਾ ਹੈ। ਇਸ ਵਿਚੋਂ 3 ਕਰੋੜ ਵੈਕਸੀਨ ਸਿਰਫ ਰੂਸੀ ਲੋਕਾਂ ਲਈ ਹੋਵੇਗੀ। ਰੂਸੀ ਨਿਊਜ਼ ਏਜੰਸੀ ਅਨੁਸਾਰ ਰਸ਼ੀਅਨ ਅਕੈਡਮੀ ਆਫ਼ ਸਾਇੰਸਜ਼ ਵਿਖੇ ਡੈਪੂਸੀ ਡਾਇਰੈਕਟਰ ਡੈਨਿਸ ਲੋਗੂਨੋਵ ਦੇ ਹਵਾਲੇ ਨਾਲ ਕਿਹਾ ਕਿ ਰੂਸ ਦੇ ਸਿਹਤ ਮੰਤਰਾਲੇ ਦੀ ਆਗਿਆ ਤੋਂ ਬਾਅਦ ਸਪੂਤਨਿਕ ਵੀ ਦੀ ਵੈਕਸੀਨ ਵਿਆਪਕ ਵਰਤੋਂ ਲਈ ਵੀ ਜਾਰੀ ਕੀਤੀ ਜਾਵੇਗੀ।