Covid 19 peak over: ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਅਤੇ ਇਸ ਕਾਰਨ ਹੋਈਆਂ ਮੌਤਾਂ ਦੇ ਨਵੇਂ ਮਾਮਲੇ ਘੱਟ ਗਏ ਹਨ । ਜ਼ਿਆਦਾਤਰ ਰਾਜਾਂ ਵਿੱਚ ਲਾਗ ਦਾ ਫੈਲਣਾ ਬੰਦ ਹੋ ਗਿਆ ਹੈ ਪਰ ਨੀਤਿ ਅਯੋਗ ਦੇ ਮੈਂਬਰ ਵੀਕੇ ਪੌਲ ਨੇ ਸਰਦੀਆਂ ਦੇ ਮੌਸਮ ਵਿੱਚ ਸੰਕਰਮਣ ਦੀ ਦੂਜੀ ਲਹਿਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ । ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਜੇ ਬਚਾਅ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾ ਲਿਆ ਜਾਂਦਾ ਹੈ ਤਾਂ ਫਰਵਰੀ 2021 ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਕੰਟਰੋਲ ਵਿੱਚ ਆ ਸਕਦੀ ਹੈ।
ਪੌਲ ਦੇਸ਼ ਵਿੱਚ ਮਹਾਂਮਾਰੀ ਦੇ ਵਿਰੁੱਧ ਲੜਨ ਦੇ ਯਤਨਾਂ ਵਿੱਚ ਤਾਲਮੇਲ ਰੱਖਣ ਲਈ ਸਥਾਪਤ ਕੀਤੇ ਇੱਕ ਮਾਹਿਰ ਪੈਨਲ ਦੇ ਮੁਖੀ ਵੀ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਕੋਵਿਡ-19 ਦਾ ਟੀਕਾ ਆ ਜਾਵੇ ਉਸ ਤੋਂ ਬਾਅਦ ਉਸਨੂੰ ਨਾਗਰਿਕਾਂ ਨੂੰ ਉਪਲਬਧ ਕਰਾਉਣ ਲਈ ਕਾਫ਼ੀ ਸੰਸਾਧਨ ਹਨ । ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਪਹਿਲੀ ਵਾਰ ਸਵੀਕਾਰ ਕੀਤਾ ਕਿ ਕੋਵਿਡ-19 ਭਾਰਤ ਵਿੱਚ ਕਮਿਊਨਿਟੀ ਪੱਧਰ ‘ਤੇ ਫੈਲ ਰਿਹਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਸਿਰਫ ਕੁਝ ਕੁ ਜ਼ਿਲ੍ਹਿਆਂ ਅਤੇ ਰਾਜਾਂ ਤੱਕ ਸੀਮਿਤ ਹੈ।
ਇਸ ਤੋਂ ਅੱਗੇ ਪੌਲ ਨੇ ਕਿਹਾ, “ਪਿਛਲੇ ਤਿੰਨ ਹਫ਼ਤਿਆਂ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਅਤੇ ਮੌਤਾਂ ਦੇ ਨਵੇਂ ਕੇਸ ਘੱਟ ਗਏ ਹਨ ਅਤੇ ਜ਼ਿਆਦਾਤਰ ਰਾਜਾਂ ਵਿੱਚ ਲਾਗ ਦਾ ਫੈਲਣਾ ਬੰਦ ਹੋ ਗਿਆ ਹੈ।” ਉਨ੍ਹਾਂ ਕਿਹਾ, “ਹਾਲਾਂਕਿ ਪੰਜ ਰਾਜ (ਕੇਰਲਾ, ਕਰਨਾਟਕ, ਰਾਜਸਥਾਨ, ਛੱਤੀਸਗੜ ਅਤੇ ਪੱਛਮੀ ਬੰਗਾਲ) ਅਤੇ ਤਿੰਨ ਤੋਂ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿੱਥੇ ਸੰਕਰਮਣ ਦੇ ਕੇਸ ਅਜੇ ਵੀ ਵੱਧ ਰਹੇ ਹਨ ।
ਉਨ੍ਹਾਂ ਅਨੁਸਾਰ ਭਾਰਤ ਹੁਣ ਇੱਕ ਬਿਹਤਰ ਸਥਿਤੀ ਵਿੱਚ ਹੈ, ਪਰ ਅਜੇ ਬਹੁਤ ਲੰਮਾ ਰਸਤਾ ਤੈਅ ਕਰਨਾ ਬਾਕੀ ਹੈ ਕਿਉਂਕਿ 90% ਲੋਕ ਅਜੇ ਵੀ ਆਸਾਨੀ ਨਾਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ । ਇਹ ਪੁੱਛੇ ਜਾਣ ‘ਤੇ ਕਿ ਕੀ ਸਰਦੀਆਂ ਦੇ ਮੌਸਮ ਦੌਰਾਨ ਭਾਰਤ ਵਿੱਚ ਲਾਗ ਦੀ ਦੂਸਰੀ ਲਹਿਰ ਹੋ ਸਕਦੀ ਹੈ, ਪੌਲ ਨੇ ਕਿਹਾ ਕਿ ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਯੂਰਪ ਦੇ ਦੇਸ਼ਾਂ ਵਿੱਚ ਲਾਗ ਦੇ ਮਾਮਲੇ ਵਧਦੇ ਦਿਖਾਈ ਦੇ ਰਹੇ ਹਨ।
ਉਸਨੇ ਕਿਹਾ, ‘ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਅਤੇ ਅਸੀਂ ਅਜੇ ਵੀ ਵਾਇਰਸ ਬਾਰੇ ਸਿੱਖ ਰਹੇ ਹਾਂ। ਪੌਲ ਨੇ ਤਿਉਹਾਰਾਂ ਅਤੇ ਸਰਦੀਆਂ ਦੇ ਦੌਰਾਨ ਕੋਵਿਡ-19 ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਠੰਡੇ ਮੌਸਮ ਅਤੇ ਤਿਉਹਾਰਾਂ ਕਾਰਨ ਉੱਤਰ ਭਾਰਤ ਵਿੱਚ ਪ੍ਰਦੂਸ਼ਣ ਦਾ ਪੱਧਰ ਥੋੜ੍ਹਾ ਵਧੇਗਾ, ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ….. ਆਉਣ ਵਾਲੇ ਮਹੀਨੇ ਚੁਣੌਤੀਪੂਰਨ ਹਨ।