Covid 19 vaccine for children: ਮੌਜੂਦਾ ਸਮੇਂ ਵਿੱਚ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸੇ ਵਿਚਾਲੇ ਕੋਰੋਨਾ ਵੈਕਸੀਨ ਬਣਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਜਿਸਦੇ ਮੱਦੇਨਜ਼ਰ ਕਿਹਾ ਜਾ ਰਿਹਾ ਹੈ ਕਿ ਇਹ ਸਾਲ ਬੀਤਣ ਤੱਕ ਲੱਖਾਂ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਜਾ ਚੁੱਕਿਆ ਹੋਵੇਗਾ। ਇਸੇ ਵਿਚਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵੈਕਸੀਨ ਲਈ ਬੱਚਿਆਂ ਨੂੰ 2021 ਦੇ ਅੰਤ ਤੱਕ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਉਹ ਇਸ ਵੈਕਸੀਨ ਦੇ ਟ੍ਰਾਇਲ ਦਾ ਹਿੱਸਾ ਨਹੀਂ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਮੌਜੂਦਾ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਨਹੀਂ ਹੋ ਸਕਦੀ ਅਤੇ ਦਵਾਈ ਕੰਪਨੀਆਂ ਨੂੰ ਉਨ੍ਹਾਂ ਲਈ ਵੱਖਰਾ ਟ੍ਰਾਇਲ ਸ਼ੁਰੂ ਕਰਨਾ ਹੋਵੇਗਾ । ਹਾਲਾਂਕਿ, ਬ੍ਰਿਟੇਨ ਨੇ ਫਾਇਜ਼ਰ-ਬਾਇਓਐਨਟੈਕ ਦੀ ਵੈਕਸੀਨ ਨੂੰ ਇਸ ਵਿਕਲਪ ਦੇ ਨਾਲ ਮਨਜ਼ੂਰੀ ਦਿੱਤੀ ਹੈ ਕਿ ਐਮਰਜੈਂਸੀ ਵਿੱਚ ਬੱਚਿਆਂ ਦਾ ਵੀ ਟੀਕਾਕਰਣ ਕੀਤਾ ਜਾਵੇ।
ਅਮਰੀਕਾ ਵਿੱਚ ਏਮੋਰੀ ਵੈਕਸੀਨ ਸੈਂਟਰ ਦੇ ਨਿਰਦੇਸ਼ਕ ਡਾ. ਰਫੀ ਅਹਿਮਦ ਦਾ ਕਹਿਣਾ ਹੈ ਕਿ ਫਿਲਹਾਲ ਬੱਚਿਆਂ ਨੂੰ ਟੀਕੇ ਨਹੀਂ ਲਗਾਏ ਜਾਣਗੇ ਕਿਉਂਕਿ ਉਹ ਟ੍ਰਾਇਲ ਦਾ ਹਿੱਸਾ ਨਹੀਂ ਹਨ । ਦਵਾਈ ਕੰਪਨੀਆਂ ਵਿੱਚੋਂ ਕੁਝ ਨੇ ਬੱਚਿਆਂ ‘ਤੇ ਵੱਖਰੇ ਟ੍ਰਾਇਲ ਦੀ ਯੋਜਨਾ ਬਣਾਈ ਹੈ। ਵੈਕਸੀਨ ਨਿਰਮਾਤਾ ਫਾਇਜ਼ਰ ਅਤੇ ਮਾਡਰਨਾ ਨੇ ਹਾਲ ਹੀ ਵਿੱਚ ਬੱਚਿਆਂ ‘ਤੇ ਵੀ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਹੈ । ਵੱਖਰੇ ਤੌਰ ‘ਤੇ ਕੀਤੇ ਜਾ ਰਹੇ ਇਸ ਮੁਸ਼ਕਿਲ ਟ੍ਰਾਇਲ ਦੇ ਤਹਿਤ ਦਵਾਈ ਕੰਪਨੀਆਂ ਨੂੰ ਲੰਬੀ ਮਿਆਦ ਦੀ ਸੁਰੱਖਿਆ, ਸਿਹਤ ਮਾਪਦੰਡ, ਦੋ ਖੁਰਾਕ ਦੇ ਵਿੱਚ ਅੰਤਰ ਆਦਿ ਦੀ ਜਾਂਚ ਕਰਨ ਦੀ ਜ਼ਰੂਰਤ ਹੋਵੇਗੀ ਤਾਂ ਕਿ ਬੱਚਿਆਂ ‘ਤੇ ਵੈਕਸੀਨ ਦੇ ਪ੍ਰਯੋਗ ਦਾ ਨਤੀਜਾ ਬਿਹਤਰ ਹੋ ਸਕੇ । ਇਸ ਪ੍ਰਕਿਰਿਆ ਵਿੱਚ ਲਗਭਗ ਇੱਕ ਸਾਲ ਲੱਗਣ ਦੀ ਉਮੀਦ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅੰਕੜਿਆਂ ਅਨੁਸਾਰ Covid-19 ਵਾਇਰਸ ਹੁਣ ਤੱਕ ਭਾਰਤ ਵਿੱਚ 97 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪੀੜਤ ਕਰ ਚੁੱਕਿਆ ਹੈ। ICMR ਅੰਕੜਿਆਂ ਦੇ ਆਧਾਰ ‘ਤੇ ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ (NCDC) ਦੇ ਇੱਕ ਅਨੁਮਾਨ ਅਨੁਸਾਰ ਕਰੀਬ 12 ਫ਼ੀਸਦੀ ਪੀੜਤ ਆਬਾਦੀ 20 ਸਾਲ ਤੋਂ ਘੱਟ ਉਮਰ ਦੀ ਹੈ । ਬਾਕੀ 88 ਫ਼ੀਸਦੀ ਪੀੜਤ ਲੋਕ 20 ਸਾਲ ਤੋਂ ਜ਼ਿਆਦਾ ਉਮਰ ਦੇ ਹਨ । ਇਹ ਅੰਕੜਾ 8 ਦਸੰਬਰ 2020 ਤੱਕ ਦਾ ਹੈ।
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਬਾਲਗਾਂ ਦੀ ਤੁਲਨਾ ਵਿੱਚ ਬੱਚਿਆਂ ਵਿੱਚ ਇਹ ਬੀਮਾਰੀ ਅਤੇ ਇਸ ਦੀ ਮੌਤ ਦਰ ਕਾਫ਼ੀ ਘੱਟ ਰਹੀ ਹੈ। ਹਾਲਾਂਕਿ, ਕੋਵਿਡ-19 ਤੋਂ ਪੀੜਤ ਹੋ ਚੁੱਕੇ ਕਈ ਬੱਚਿਆਂ ਵਿੱਚ ਹੁਣ ਇੱਕ ਨਵਾਂ ਲੱਛਣ ਦੇਖਣ ਵਿੱਚ ਆਇਆ ਹੈ ਜਿਸ ਨੂੰ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (PMIS) ਕਿਹਾ ਜਾਂਦਾ ਹੈ । ਪੀੜਤ ਬੱਚਿਆਂ ਵਿੱਚ ਇਸ ਬੀਮਾਰੀ ਦੇ ਜ਼ੋਖ਼ਿਮ ਨੂੰ ਵੇਖਦੇ ਹੋਏ ਇਸ ਗੱਲ ਦੀ ਜ਼ਰੂਰਤ ਵੱਧ ਜਾਂਦੀ ਹੈ ਕਿ ਕੋਰੋਨਾ ਦੀ ਵੈਕਸੀਨ ਉਨ੍ਹਾਂ ਲਈ ਕਾਫ਼ੀ ਸੁਰੱਖਿਅਤ ਹੋਣੀ ਚਾਹੀਦੀ ਹੈ ।
ਦੱਸ ਦੇਈਏ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਲਗਭਗ 6.5 ਕਰੋੜ ਲੋਕਾਂ ਨੂੰ ਪੀੜਤ ਕਰ ਚੁੱਕਿਆ ਹੈ ਅਤੇ 15 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਨਤਕ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੈਨਡਾ ਵਿੱਚ ਪਹਿਲਾਂ ਹੀ ਕਾਫ਼ੀ ਟੀਕੇ ਹਨ ਜੋ ਆਪਣੀ ਆਬਾਦੀ ਨਾਲੋਂ ਚਾਰ ਗੁਣਾ ਜ਼ਿਆਦਾ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ।
ਇਹ ਵੀ ਦੇਖੋ: ਕਿਸਾਨਾਂ ਅੰਦਰ ਧਾਰਮਿਕ ਅਕੀਦਾ ਭਰਨ ਲਈ ਰਾਤ ਨੂੰ ਕੁੰਡਲੀ ਬਾਰਡਰ ਤੇ ਦਿਖਾਈ ਜਾ ਰਹੀ ਹੈ ਧਾਰਮਿਕ ਫਿਲਮ