Delhi again records over 5000 cases: ਭਾਰਤ ਵਿੱਚ ਕੋਰੋਨਾ ਸੰਕਰਮਿਤ ਦਾ ਅੰਕੜਾ 81 ਲੱਖ 37 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ । ਇੱਕ ਪਾਸੇ ਜਿੱਥੇ ਦੇਸ਼ ਵਿੱਚ ਸਰਗਰਮ ਮਾਮਲਿਆਂ ਵਿੱਚ ਕਮੀ ਆਈ ਹੈ ਤਾਂ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਹੁਣ ਤੱਕ 1,21,641 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 74 ਲੱਖ ਤੋਂ ਵੱਧ ਮਰੀਜ਼ ਕੋਰੋਨਾ ਮਹਾਂਮਾਰੀ ਦੀ ਜੰਗ ਨੂੰ ਜਿੱਤ ਕੇ ਠੀਕ ਹੋ ਗਏ ਹਨ।
ਦਿੱਲੀ ‘ਚ ਮਰੀਜ਼ਾਂ ਦਾ ਅੰਕੜਾ 3.86 ਲੱਖ ਦੇ ਪਾਰ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਦੀ ਲਾਗ ਦੇ 5,062 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 3.86 ਲੱਖ ਨੂੰ ਪਾਰ ਕਰ ਗਈ ਹੈ । ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਦਿੱਲੀ ਵਿੱਚ ਕੋਰੋਨਾ ਦੇ ਮਰੀਜਾਂ ਦੇ ਸੰਕਰਮਣ ਦੀ ਦਰ ਵੱਧ ਕੇ 11.42 ਪ੍ਰਤੀਸ਼ਤ ਹੋ ਗਈ ਹੈ । ਦੱਸ ਦੇਈਏ ਕਿ ਲਗਾਤਾਰ ਚੌਥੇ ਦਿਨ ਦਿੱਲੀ ਵਿੱਚ ਇੱਕ ਦਿਨ ਵਿੱਚ ਪੰਜ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ । ਦਿੱਲੀ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 5,891 ਕੇਸ ਸ਼ੁੱਕਰਵਾਰ ਦਰਜ ਕੀਤੇ ਗਏ ਸਨ । ਇਸ ਦੇ ਨਾਲ ਹੀ 29 ਅਕਤੂਬਰ ਯਾਨੀ ਕਿ ਵੀਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 5,739 ਨਵੇਂ ਕੇਸ ਸਾਹਮਣੇ ਆਏ ਸਨ । ਇਸ ਤੋਂ ਪਹਿਲਾਂ ਬੁੱਧਵਾਰ ਯਾਨੀ ਕਿ 28 ਅਕਤੂਬਰ ਨੂੰ ਕੋਰੋਨਾ ਦੇ 5,673 ਮਾਮਲੇ ਸਾਹਮਣੇ ਆਏ ਸਨ ।
ਉੱਥੇ ਹੀ ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਮਹਾਂਰਾਸ਼ਟਰ ਵਿੱਚ ਕੋਰੋਨਾ ਦੀ ਲਾਗ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮਹਾਂਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ 24 ਘੰਟਿਆਂ ਵਿੱਚ ਕੋਰੋਨਾ ਦੇ 5,548 ਮਰੀਜ਼ਾਂ ਸਾਹਮਣੇ ਆਏ ਹਨ, ਜਦੋਂ ਕਿ ਤੰਦਰੁਸਤ ਬਣਨ ਵਾਲੇ ਮਰੀਜ਼ਾਂ ਦੀ ਗਿਣਤੀ 7 ਹਜ਼ਾਰ ਤੋਂ ਵੱਧ ਸੀ । ਮਹਾਂਰਾਸ਼ਟਰ ਵਿੱਚ ਕੋਰੋਨਾ ਰਿਕਵਰੀ ਰੇਟ 90 ਪ੍ਰਤੀਸ਼ਤ ਦੇ ਨੇੜੇ ਪਹੁੰਚ ਗਈ ਹੈ। ਜਦੋਂ ਕਿ ਕੁੱਲ ਕੋਰੋਨਾ ਦੇ ਕੇਸ ਲਗਭਗ ਡੇਢ ਲੱਖ ਦੇ ਕਰੀਬ ਹਨ।
ਦੱਸ ਦੇਈਏ ਕਿ ਮਹਾਂਰਾਸ਼ਟਰ ਦੇਸ਼ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਹੈ। ਉੱਥੇ ਹੀ ਮਿਜ਼ੋਰਮ ਇੱਕ ਅਜਿਹਾ ਰਾਜ ਹੈ ਜਿੱਥੇ ਕੋਰੋਨਾ ਨਾਲ ਹੁਣ ਤੱਕ ਸਿਰਫ ਇੱਕ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ ਬਾਕੀ 9 ਰਾਜਾਂ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 500 ਤੋਂ ਘੱਟ ਹੈ।, ਜਿਨ੍ਹਾਂ ਵਿੱਚ ਹਿਮਾਚਲ, ਮਨੀਪੁਰ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਮੇਘਾਲਿਆ, ਨਾਗਾਲੈਂਡ, ਲੱਦਾਖ, ਅੰਡੇਮਾਨ ਤੇ ਨਿਕੋਬਾਰ, ਸਿੱਕਮ, ਦਾਦਰਾ ਤੇ ਨਗਰ ਹਵੇਲੀ ਆਦਿ ਸ਼ਾਮਿਲ ਹਨ।