Delhi reported 4454 new cases: ਪਿਛਲੇ ਕੁਝ ਹਫ਼ਤਿਆਂ ਤੋਂ ਦਿੱਲੀ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਹੀ ਹੈ । ਇੱਕ ਪਾਸੇ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਰਫ਼ਤਾਰ ਘੱਟ ਨਹੀਂ ਹੋ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੌਤ ਦੇ ਅੰਕੜੇ ਵੀ ਲਗਾਤਾਰ 100 ਦੇ ਨੇੜੇ ਹਨ । ਸੰਘਣੀ ਆਬਾਦੀ ਵਾਲੇ ਖੇਤਰਾਂ ਅਤੇ ਬਾਜ਼ਾਰਾਂ ਵਿੱਚ ਭੀੜ ਕਾਰਨ ਕੋਰੋਨਾ ਦੀ ਲਾਗ ਦੀ ਦਰ ਤੇਜ਼ ਹੋ ਚੁੱਕੀ ਹੈ। ਦਿੱਲੀ ਵਿੱਚ ਕੋਰੋਨਾ ਸੰਕਰਮਣ ਹਰ ਨਵੇਂ ਦਿਨ ਨਾਲ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਬਾਜ਼ਾਰਾਂ ਵਿੱਚ ਭੀੜ ਅਤੇ ਤਿਉਹਾਰਾਂ ਦੀ ਰੌਣਕਸੀ ਤਾਂ ਹਸਪਤਾਲ ਵਿੱਚ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਸੀ ।
ਕੋਵਿਡ-19 ਵਾਇਰਸ ਕਾਰਨ ਔਸਤਨ ਹਰ ਘੰਟੇ 5 ਲੋਕਾਂ ਦੀ ਮੌਤ ਹੋ ਰਹੀ ਹੈ। ਦਿੱਲੀ ਵਿੱਚ ਲਗਾਤਾਰ ਚੌਥੇ ਦਿਨ ਕੋਰੋਨਾ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ 121 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਦੌਰਾਨ 4454 ਨਵੇਂ ਕੋਰੋਨਾ ਮਰੀਜ਼ ਦਰਜ ਕੀਤੇ ਗਏ ਹਨ । ਉੱਥੇ ਹੀ ਇੱਥੇ 7 ਹਜ਼ਾਰ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਨੇ 24 ਘੰਟਿਆਂ ਵਿੱਚ ਕੋਰੋਨਾ ਨੂੰ ਹਰਾਇਆ ਹੈ।
ਕੋਰੋਨਾ ਦੀ ਲਾਗ ਦੇ ਹਾਲਾਤਾਂ ਅਤੇ ਇਸ ਨਾਲ ਨਜਿੱਠਣ ਦੇ ਉਪਾਵਾਂ ‘ਤੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੀ ਨਿੰਦਾ ਕੀਤੀ ਹੈ। ਅਦਾਲਤ ਨੇ ਕੇਜਰੀਵਾਲ ਸਰਕਾਰ ਨੂੰ ਪੁੱਛਿਆ ਹੈ ਕਿ ਦਿੱਲੀ ਵਿੱਚ ਕੋਰੋਨਾ ਕੰਟਰੋਲ ਤੋਂ ਬਾਹਰ ਕਿਉਂ ਹੈ ਅਤੇ ਕੋਵਿਡ ਮੈਨੇਜਮੈਂਟ ਦਾ ਸਿਸਟਮ ਦਿੱਲੀ ਵਿੱਚ ਅਸਫਲ ਕਿਉਂ ਹੋਇਆ? ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਦਾਲਤ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਦਸੰਬਰ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ । ਸੁਪਰੀਮ ਕੋਰਟ ਨੇ ਸਾਰੀਆਂ ਰਾਜ ਸਰਕਾਰਾਂ ਨੂੰ 3 ਦਿਨਾਂ ਵਿੱਚ ਸਥਿਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ । ਇਸ ਮਾਮਲੇ ਵਿੱਚ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।
ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ RTPCR ਮੋਬਾਇਲ ਲੈਬ ਦੀ ਸ਼ੁਰੂਆਤ ਕੀਤੀ ਹੈ। ਹੁਣ ਇੱਕ ਮੋਬਾਇਲ ਲੈਬ ਰੋਜ਼ਾਨਾ 3000 ਟੈਸਟ ਕਰਵਾਉਣ ਦੇ ਯੋਗ ਹੋਵੇਗੀ। ਇਸ ਰਾਹੀਂ ਦਿੱਲੀ ਵਿੱਚ ਰੋਜ਼ਾਨਾ 30 ਹਜ਼ਾਰ ਨਮੂਨੇ ਲਏ ਜਾਣਗੇ, ਜਿਨ੍ਹਾਂ ਦੀ ਰਿਪੋਰਟ 6 ਘੰਟਿਆਂ ਵਿੱਚ ਆ ਜਾਵੇਗੀ । ਮੋਬਾਇਲ ਲੈਬ ਰਾਹੀਂ ਟੈਸਟ ਦੀ ਕੀਮਤ ਸਿਰਫ 500 ਰੁਪਏ ਹੋਵੇਗੀ । ਸਰਕਾਰ ਦੀ ਯੋਜਨਾ ਹੈ ਕਿ 10 ਹਫਤਿਆਂ ਦੇ ਅੰਦਰ-ਅੰਦਰ ਪੂਰੀ ਦਿੱਲੀ ਵਿੱਚ 10 ਅਜਿਹੀਆਂ ਮੋਬਾਇਲ ਟੈਸਟਿੰਗ ਲੈਬਾਂ ਦਾ ਕੰਮ ਸ਼ੁਰੂ ਹੋ ਜਾਵੇਗਾ । RTPCR ਮੋਬਾਇਲ ਵੈਨ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਹੈ ਕਿਉਂਕਿ ਐਂਟੀਜਨ ਜਾਂਚ ਨਾਲ ਬਹੁਤ ਸਾਰੇ ਸੰਕਰਮਿਤ ਲੋਕਾਂ ਦੀ ਪਹਿਚਾਣ ਨਹੀਂ ਹੋ ਪਾ ਰਹੀ ਹੈ।
ਇਹ ਵੀ ਦੇਖੋ: ਭਾਵੇਂ ਭੁੱਖੇ ਮਰ ਜਾਈਏ ਪਰ ਨਹੀਂ ਦੇਵਾਂਗੇ ਕਿਸਾਨਾਂ ਦਾ ਸਾਥ, ਸ਼ਿਵ ਸੈਨਾ ਦਾ ਫੈਸਲਾ